ਟ੍ਰਿਬਿਊਨ ਨਿਊਜ਼ ਸਰਵਿਸ
ਧੂਰੀ, 17 ਮਈ
ਧੂਰੀ ਰੇਲਵੇ ਜੰਕਸਨ, ਉੱਪਰ ਬਿਜਲੀਕਰਨ ਤੇ ਡਬਲ ਲਾਈਨ ਪਾਉਣ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ ਤੇ ਜਲਦ ਬਠਿੰਡਾ ਤੋਂ ਅੰਬਾਲਾ, ਲੁਧਿਆਣਾ ਤੋਂ ਜਾਖਲ ਵਾਇਆ ਧੂਰੀ ਹੋ ਕੇ ਲੰਮੇ ਰੂਟਾਂ ਦੀਆਂ ਟ੍ਰੇਨਾਂ ਚੱਲਣ ਜਾ ਰਹੀਆਂ ਹਨ। ਰੇਲਵੇ ਸਟੇਸ਼ਨ ਉੱਪਰ ਟਰੇਨਾਂ ਦੀ ਆਵਾਜਾਈ ਵੱਧਣ ਨਾਲ ਧੂਰੀ ਦੇ ਵਪਾਰੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਵਪਾਰ ਮੰਡਲ ਦੇ ਆਗੂਆਂ ਨੇ ਕਿਹਾ ਧੂਰੀ ਰੇਲਵੇ ਸਟੇਸ਼ਨ ਉੱਪਰ ਵੱਡੇ ਰੂਟਾਂ ਦੀਆਂ ਟਰੇਨਾਂ ਚਲਾਉਣ ਲਈ ਰੇਲਵੇ ਅਧਿਕਾਰੀਆਂ ਨੂੰ ਕਈ ਵਾਰ ਮੰਗ ਪੱਤਰ ਦਿੱਤੇ ਗਏ ਸਨ ਜਿਸ ਕਾਰਨ ਇਹ ਕੰਮ ਜਲਦ ਪੂਰਾ ਹੋਇਆ ਹੈ। ਉਨ੍ਹਾਂ ਕਿਹਾ ਧੂਰੀ ਰੇਲਵੇ ਸਟੇਸ਼ਨ ਉੱਪਰ ਲੁਧਿਆਣਾ ਤੋਂ ਜਾਖਲ, ਬਠਿੰਡਾ ਤੋਂ ਅੰਬਾਲਾ ਵਾਇਆ ਧੂਰੀ ਦਰਜਨਾਂ ਟਰੇਨਾਂ ਚੱਲਣ ਕਾਰਨ ਵੱਖ ਵੱਖ ਸ਼ਹਿਰਾਂ ਜਿਵੇਂ ਮੁੰਬਈ, ਗੁਜਰਾਤ, ਅਹਿਮਦਾਬਾਦ ਤੋਂ ਵਪਾਰੀ ਧੂਰੀ ਆ ਸਕਣਗੇ ਜਿਸ ਨਾਲ ਧੂਰੀ ਸ਼ਹਿਰ ਦੇ ਵਪਾਰੀਆਂ ਨੂੰ ਚੰਗਾ ਲਾਭ ਹੋਵੇਗਾ ਤੇ ਸਮੇਂ ਦੀ ਬੱਚਤ ਹੋਵੇਗੀ। ਉਨ੍ਹਾਂ ਕਿਹਾ ਟਰੇਨਾ ਦੇ ਵੱਧਣ ਨਾਲ ਵਪਾਰੀਆਂ, ਵਿਦਿਆਰਥੀਆਂ, ਸਰਕਾਰੀ ਮੁਲਾਜ਼ਮਾਂ ਤੇ ਆਮ ਲੋਕਾਂ ਨੂੰ ਸਹੂਲਤਾਂ ਮਿਲਣਗੀਆਂ।
ਧੂਰੀ ਦੇ ਸਟੇਸ਼ਨ ਮਾਸਟਰ ਨੇ ਦੱਸਿਆ ਬਠਿੰਡਾ ਤੋਂ ਅੰਬਾਲਾ ਵਾਇਆ ਧੂਰੀ ਉੱਪਰ ਡਬਲ ਲਾਈਨ ਤੇ ਬਿਜਲੀਕਰਨ ਦਾ ਕੰਮ ਪੂਰਾ ਹੋਣ ਨੇੜੇ ਹੈ, ਤੇ ਲੁਧਿਆਣਾ ਤੋਂ ਜਾਖਲ ਵਾਇਆ ਧੂਰੀ ਲਾਈਨ ਦਾ ਬਿਜਲੀਕਰਨ ਤੇ ਡਬਲ ਲਾਈਨ ਪਾਉਣ ਦਾ ਕੰਮ ਛੇਤੀ ਪੂਰਾ ਕਰ ਲਿਆ ਜਾਵੇਗਾ ਤੇ ਜਲਦ ਰੇਲਵੇ ਵਿਭਾਗ ਇਨ੍ਹਾਂ ਲਾਈਨਾਂ ਉੱਪਰ ਲੰਮੇ ਰੂਟਾਂ ਦੀਆਂ ਟਰੇਨਾਂ ਨੂੰ ਚਲਾਉਣ ਲਈ ਹਰੀ ਝੰਡੀ ਦੇਵੇਗਾ। ਉਨ੍ਹਾਂ ਕਿਹਾ ਇਨ੍ਹਾਂ ਲਾਈਨਾਂ ਉੱਪਰ ਟਰੇਨਾਂ ਚਲਾਉਣ ਦਾ ਟਰਾਇਲ ਵੀ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਰੇਲਵੇ ਸਟੇਸ਼ਨ ਦਾ ਨਵੀਨੀਕਰਨ ਹੋਣ ਨਾਲ ਦਰਜਨਾਂ ਨਵੀਆਂ ਟਰੇਨਾਂ ਚੱਲਣ ਜਾ ਰਹੀਆਂ ਹਨ ਜਿਸ ਦੀ ਸਮਾਂਸਾਰਨੀ ਜਲਦ ਜਨਤਕ ਕੀਤੀ ਜਾਵੇਗੀ।