ਗੁਰਦੀਪ ਸਿੰਘ ਲਾਲੀ
ਸੰਗਰੂਰ, 8 ਜਨਵਰੀ
ਪੋਹ ਮਹੀਨੇ ਦੀ ਬਾਰਿਸ਼ ਨੇ ਸੰਗਰੂਰ ਸ਼ਹਿਰ ਜਲਥਲ ਕਰ ਦਿੱਤਾ ਜਿਸ ਨਾਲ ਜਨਜੀਵਨ ਪ੍ਰਭਾਵਿਤ ਹੋਇਆ। ਜਲਥਲ ਹੋਏ ਸ਼ਹਿਰ ਨੇ ਸੀਵਰੇਜ ਸਿਸਟਮ ’ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਉਂਝ ਇਸ ਬਾਰਿਸ਼ ਨੂੰ ਕਣਕ ਦੀ ਫਸਲ ਲਈ ਲਾਹੇਵੰਦ ਮੰਨਿਆ ਜਾ ਰਿਹਾ ਹੈ ਪਰ ਨੀਵੇਂ ਖੇਤਾਂ ਵਿਚ ਪਾਣੀ ਭਰਨ ਨਾਲ ਕਣਕ ਦੀ ਫਸਲ ਦਾ ਨੁਕਸਾਨ ਹੋਣ ਦਾ ਡਰ ਹੈ। ਪਿਛਲੇ ਚਾਰ ਦਿਨਾਂ ਤੋਂ ਰੁਕ-ਰੁਕ ਕੇ ਪੈ ਰਹੀ ਬਾਰਿਸ਼ ਕਾਰਨ ਠੰਢ ਵਧ ਗਈ ਹੈ। ਅੱਜ ਸੰਗਰੂਰ ਜ਼ਿਲ੍ਹੇ ’ਚ ਔਸਤ 10.9 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ ਅਤੇ ਸਭ ਤੋਂ ਵੱਧ 14.0 ਮਿਲੀਮੀਟਰ ਬਾਰਿਸ਼ ਬਲਾਕ ਸੰਗਰੂਰ ਵਿਚ ਹੋਈ।
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਪਿਛਲੇ ਤਿੰਨ ਦਿਨਾਂ ਤੋਂ ਇਲਾਕੇ ਵਿੱਚ ਪੈ ਰਹੇ ਮੀਂਹ ਕਾਰਨ ਠੰਢ ਦਾ ਪ੍ਰਕੋਪ ਵਧ ਗਿਆ ਹੈ ਅਤੇ ਦੁਕਾਨਦਾਰਾਂ ਦੇ ਕਾਰੋਬਾਰ ਠੱਪ ਹੋ ਗਏ ਹਨ। ਇਲਾਕੇ ਅੰਦਰ ਕਈ ਦਿਨਾਂ ਤੋਂ ਸ਼ੁਰੂ ਹੋਇਆ ਮੀਂਹ ਅੱਜ ਹੋਰ ਤੇਜ਼ ਹੋ ਗਿਆ। ਇਸ ਮੀਂਹ ਕਾਰਨ ਪੋਹ ਮਹੀਨੇ ਦੀ ਠੰਢ ਇਕ ਦਮ ਵਧ ਗਈ ਹੈ। ਠੰਢ ਅਤੇ ਮੀਂਹ ਕਾਰਨ ਲੋਕ ਆਪੋ-ਆਪਣੇ ਘਰਾਂ ਵਿੱਚ ਬੰਦ ਹੋ ਕੇ ਰਹਿ ਗਏ। ਇੱਥੋਂ ਦਾ ਮੁੱਖ ਬਾਜ਼ਾਰ ਝੀਲ ਦਾ ਰੂਪ ਧਾਰਨ ਕਰ ਗਿਆ ਅਤੇ ਮੀਂਹ ਦਾ ਪਾਣੀ ਕਈ ਦੁਕਾਨਾਂ ਅੰਦਰ ਵੀ ਵੜ ਗਿਆ।
ਲਹਿਰਾਗਾਗਾ (ਰਮੇਸ਼ ਭਾਰਦਵਾਜ): ਪਿਛਲੇ ਚਾਰ ਦਿਨਾਂ ਤੋਂ ਦਿਨ-ਰਾਤ ਲਗਾਤਾਰ ਰੁਕ-ਰੁਕ ਕੇ ਪੈ ਰਹੇ ਮੀਂਹ ਕਰ ਕੇ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਬਾਰਿਸ਼ ਕਰ ਕੇ ਠੰਢ ਵਧਣ ਕਰ ਕੇ ਲੋਕ ਆਪੋ-ਆਪਣੇ ਘਰਾਂ ਵਿਚ ਵੜੇ ਰਹੇ। ਉੱਧਰ ਬਾਰਿਸ਼ ਕਰ ਕੇ ਬਾਜ਼ਾਰ ਦੇ ਦੁਕਾਨਦਾਰਾਂ, ਰਿਕਸ਼ਾ ਰੇਹੜੀ ਚਾਲਕਾਂ, ਦਿਹਾੜੀਦਰ ਮਜ਼ਦੂਰਾਂ ਦੇ ਕੰਮ ਧੰਦੇ ਠੱਪ ਹੋ ਗਏ। ਸੜਕਾਂ ’ਤੇ ਪਾਣੀ ਭਰਨ ਕਾਰਨ ਰਾਹਗੀਰਾਂ ਨੂੰ ਭਾਰੀ ਦਿੱਕਤ ਪੇਸ਼ ਆਈ। ਹੁਣ ਤਾਂ ਕਿਸਾਨ ਵੀ ਮੀਂਹ ਤੋਂ ਤੋਬਾ ਕਰਨ ਲੱਗੇ ਹਨ ਕਿਉਂਕਿ ਬਾਰਿਸ਼ ਕਰ ਕੇ ਸਬਜ਼ੀਆਂ ਖਰਾਬ ਹੋ ਰਹੀਆਂ ਹਨ।
ਧੂਰੀ (ਹਰਦੀਪ ਸਿੰਘ ਸੋਢੀ/ਪਵਨ ਵਰਮਾ): ਸ਼ਹਿਰ ਵਿਚ ਅੱਜ ਪਏ ਭਰਵੇਂ ਮੀਂਹ ਨੇ ਸ਼ਹਿਰ ਦੇ ਲੋਕਾਂ ਦੇ ਵੱਟ ਕੱਢ ਦਿੱਤੇ। ਸ਼ਹਿਰ ਅੰਦਰ ਸਵੇਰ ਤੋਂ ਹੀ ਤੇਜ਼ ਮੀਂਹ ਪੈਣ ਲੱਗਾ ਜੋ ਖ਼ਬਰ ਲਿਖੇ ਜਾਣ ਤੱਕ ਵੀ ਜਾਰੀ ਸੀ। ਮੀਂਹ ਕਾਰਨ ਸ਼ਹਿਰ ਦੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ, ਜਿਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉੱਧਰ, ਮੀਂਹ ਕਾਰਨ ਠੰਢ ਨੇ ਵੀ ਜ਼ੋਰ ਫੜ ਲਿਆ ਹੈ।
ਪਾਤੜਾਂ (ਗੁਰਨਾਮ ਸਿੰਘ ਚੌਹਾਨ): ਇਲਾਕੇ ਵਿੱਚ ਹੋਈ ਭਰਵੀਂ ਬਾਰਿਸ਼ ਕਾਰਨ ਦਿੱਲੀ-ਸੰਗਰੂਰ ਕੌਮੀ ਮੁੱਖ ਮਾਰਗ ਦੇ ਸਰਵਿਸ ਰੋਡ ਅਤੇ ਚੁਨਾਗਰਾ ਰੋਡ ’ਤੇ ਪਾਣੀ ਭਰਨ ਕਰ ਕੇ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਨਰਵਾਣਾ ਰੋਡ ’ਤੇ 90 ਫੁੱਟੀ ਸੜਕ ਨੇੜੇ ਸਰਵਿਸ ਰੋਡ ’ਤੇ ਮੀਂਹ ਦਾ ਪਾਣੀ ਭਰਨ ਕਾਰਨ ਰਾਹਗੀਰਾਂ ਨੂੰ ਦਿੱਕਤ ਪੇਸ਼ ਆਈ। ਸਮਾਜ ਸੇਵੀ ਆਗੂ ਗੁਰਪਿਆਰ ਸਿੰਘ ਦਿਓਗੜ੍ਹ ਅਤੇ ਦਰਸ਼ਨ ਸਿੰਗਲਾ ਨੇ ਕਿਹਾ ਕਿ ਪਿੰਡ ਗੋਬਿੰਦਪੁਰਾ ਪੈਂਦ ਨੇੜੇ ਟੌਲ ਪਲਾਜ਼ਾ ਲੱਗਾ ਹੋਇਆ ਹੈ। ਕੌਮੀ ਸ਼ਾਹਰਾਹ ਅਥਾਰਿਟੀ ਵੱਲੋਂ ਸੜਕ ਦੇ ਨਿਰਮਾਣ ਸਮੇਂ ਬਰਸਾਤੀ ਪਾਣੀ ਦੀ ਨਿਕਾਸੀ ਲਈ ਨਾਲਾ ਬਣਾਇਆ ਗਿਆ ਸੀ ਜੋ ਕਿ ਆਸ- ਪਾਸ ਦੇ ਦੁਕਾਨਦਾਰਾਂ ਲਈ ਸਿਰਦਰਦੀ ਬਣਿਆ ਹੋਇਆ ਹੈ ਕਿਉਂਕਿ ਅਕਸਰ ਇਸ ਨਾਲੇ ਵਿੱਚ ਗੰਦਗੀ ਭਰੀ ਰਹਿੰਦੀ ਹੈ, ਜਿਸ ਕਾਰਨ ਲੋਕ ਦੁੱਖੀ ਹਨ।
ਮੋਹਲੇਧਾਰ ਮੀਂਹ ਨੇ ਕਿਸਾਨਾਂ ਦੀ ਚਿੰਤਾ ਵਧਾਈ
ਡਕਾਲਾ (ਮਾਨਵਜੋਤ ਭਿੰਡਰ): ਇਲਾਕੇ ਅੰਦਰ ਅੱਜ ਦਿਨ ਭਰ ਮੋਹਲੇਧਾਰ ਮੀਂਹ ਪੈਣ ਕਾਰਨ ਕਿਸਾਨਾਂ ਨੂੰ ਚਿੰਤਾ ਖੜ੍ਹੀ ਹੋ ਗਈ ਹੈ। ਤੇਜ਼ ਬਾਰਿਸ਼ ਕਰ ਕੇ ਨੀਵੇਂ ਖੇਤਾਂ ਵਿੱਚ ਪਾਣੀ ਭਰ ਗਿਆ ਹੈ, ਜਿਸ ਕਰ ਕੇ ਕਣਕ ਦੀ ਫ਼ਸਲ ਉੱਤੇ ਮਾੜਾ ਅਸਰ ਪੈਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਇਲਾਕੇ ਦੇ ਕਈ ਖੇਤ ਅਜਿਹੇ ਹਨ ਜਿਹੜੇ ਕਾਫੀ ਨੀਵੇਂ ਪੈਂਦੇ ਹਨ ਅਤੇ ਅੱਜ ਬਰਸਾਤ ਨਾਲ ਉਹ ਨੱਕੋ-ਨੱਕ ਭਰੇ ਦੇਖੇ ਗਏ। ਘੱਗਰ ਇਲਾਕੇ ਦੇ ਕਿਸਾਨਾਂ ਵਿਚੱ ਵੀ ਕਾਫੀ ਨਿਰਾਸ਼ਾ ਹੈ ਕਿਉਂਕਿ ਇਲਾਕੇ ਦੀ ਕਾਫ਼ੀ ਜ਼ਮੀਨ ਨੀਵੀਂ ਹੈ ਅਤੇ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਨਾਮਾਤਰ ਹਨ। ਇਲਾਕੇ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਬਰਸਾਤ ਇਸੇ ਤਰ੍ਹਾਂ ਪੈਂਦੀ ਰਹੀ ਤਾਂ ਕਣਕ ਦੀ ਫ਼ਸਲ ਦਾ ਵੱਡਾ ਨੁਕਸਾਨ ਹੋ ਸਕਦਾ ਹੈ। ਖ਼ਬਰ ਲਿਖੇ ਜਾਣ ਤੱਕ ਮੋਹਲੇਧਾਰ ਮੀਂਹ ਪੈ ਰਿਹਾ ਸੀ।