ਗੁਰਦੀਪ ਸਿੰਘ ਲਾਲੀ
ਸੰਗਰੂਰ, 1 ਜਨਵਰੀ
ਲਾਇਬ੍ਰੇਰੀਅਨ ਟੈਸਟ ਪਾਸ ਉਮੀਦਵਾਰਾਂ ਵਲੋਂ ਅਸਾਮੀਆਂ ਦੀ ਗਿਣਤੀ ਵਧਾਉਣ ਸਮੇਤ ਹੋਰ ਮੰਗਾਂ ਲਈ ਪਿਛਲੇ 13 ਦਿਨਾਂ ਤੋਂ ਇਥੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਰੋਸ ਧਰਨਾ ਅਤੇ ਲੜੀਵਾਰ ਭੁੱਖ ਹੜਤਾਲ ਲਗਾਤਾਰ ਜਾਰੀ ਹੈ। ਧਰਨਾਕਾਰੀ ਬੇਰੁਜ਼ਗਾਰ ਲਾਇਬ੍ਰੇਰੀਅਨਾਂ ਨੂੰ ਅੱਜ ਪੁਲੀਸ ਪ੍ਰਸ਼ਾਸ਼ਨ ਵੱਲੋਂ ਡੀਐੱਸਪੀ ਮਿਲੇ ਜਿਨ੍ਹਾਂ ਵਲੋਂ ਮੁੱਖ ਮੰਤਰੀ ਨਾਲ ਮੀਟਿੰਗ ਕਰਾਉਣ ਦਾ ਭਰੋਸਾ ਦਿਵਾਇਆ ਗਿਆ ਹੈ। ਧਰਨਾਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਮੰਗਾਂ ਦਾ ਨਿਪਟਾਰਾ ਨਾ ਕੀਤਾ ਗਿਆ ਤਾਂ ਉਹ ਵੱਡਾ ਸੰਘਰਸ਼ ਉਲੀਕਣ ਲਈ ਮਜ਼ਬੂਰ ਹੋਣਗੇ। ਰੋਸ ਧਰਨੇ ਦੌਰਾਨ ਬੇਰੁਜ਼ਗਾਰ ਲਾਇਬਰੇਰੀਅਨ ਯੂਨੀਅਨ ਦੀ ਸੂਬਾ ਆਗੂ ਅਮਨਦੀਪ ਕੌਰ ਨੇ ਦੱਸਿਆ ਕਿ ਪਿਛਲੇ 13 ਦਿਨਾਂ ਤੋਂ ਰੋਸ ਧਰਨਾ ਅਤੇ ਲੜੀਵਾਰ ਭੁੱਖ ਹੜਤਾਲ ਜਾਰੀ ਹੈ ਪਰ ਪੰਜਾਬ ਸਰਕਾਰ ਵੱਲੋਂ ਮੰਗਾਂ ਪ੍ਰਤੀ ਕੋਈ ਹੁੰਗਾਰਾ ਨਹੀਂ ਭਰਿਆ ਜਾ ਰਿਹਾ। ਉਨ੍ਹਾਂ ਦੱਸਿਆ ਕਿ ਪੁਲੀਸ ਪ੍ਰ੍ਰਸ਼ਾਸਨ ਵੱਲੋਂ ਅੱਜ ਡੀਐੱਸਪੀ ਬੇਰੁਜ਼ਗਾਰ ਲਾਇਬ੍ਰੇੇਰੀਅਨਾਂ ਨੂੰ ਮਿਲੇ ਸਨ ਜਿਨ੍ਹਾਂ ਨੇ ਸਾਡਾ ਪੱਖ ਸੁਣਿਆ ਹੈ ਅਤੇ ਭਰੋਸਾ ਦਿਵਾਇਆ ਹੈ ਕਿ ਸੋਮਵਾਰ ਤੱਕ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣਗੇ। ਸੂਬਾ ਆਗੂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਸਰਕਾਰੀ ਸਕੂਲਾਂ ਵਿਚ ਲਾਇਬ੍ਰੇਰੀਅਨਾਂ ਦੀਆਂ ਕੁੱਲ 1311 ਅਸਾਮੀਆਂ ਖਾਲੀ ਪਈਆਂ ਹਨ ਪਰ ਸਰਕਾਰ ਵੱਲੋਂ ਸਿਰਫ਼ 536 ਅਸਾਮੀਆਂ ਹੀ ਭਰੀਆਂ ਜਾ ਰਹੀਆਂ ਹਨ ਜਦੋਂ ਕਿ 775 ਸਕੂਲਾਂ ਦੀਆਂ ਲਾਇਬਰੇਰੀਆਂ ਵਿਚ ਅਸਾਮੀਆਂ ਭਰਨ ਲਈ ਚੁੱਪ ਵੱਟ ਲਈ ਹੈ। ਉਨ੍ਹਾਂ ਮੰਗ ਕੀਤੀ ਕਿ ਟੈਸਟ ਪਾਸ ਲਾਇਬਰੇਰੀਅਨਾਂ ਨੂੰ ਨਿਯੁਕਤ ਕੀਤਾ ਜਾਵੇ ਅਤੇ 1311 ਖਾਲੀ ਅਸਾਮੀਆਂ ’ਤੇ ਲਾਇਬ੍ਰੇਰੀਅਨਾਂ ਦੀ ਭਰਤੀ ਕੀਤੀ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਮੰਗਾਂ ਦਾ ਹੱਲ ਨਾ ਹੋਇਆ ਤਾਂ ਵੱਡਾ ਸੰਘਰਸ਼ ਉਲੀਕਿਆ ਜਾਵੇਗਾ।