ਪੱਤਰ ਪ੍ਰੇਰਕ
ਸੰਗਰੂਰ, 28 ਅਗਸਤ
ਇਥੇ ਰੰਗਸ਼ਾਲਾ ਥੀਏਟਰ ਗਰੁੱਪ ਸੰਗਰੂਰ ਵੱਲੋਂ ਰਾਮ ਵਾਟਿਕਾ ਬੱਗੀਖਾਨਾ ਦੇ ਮੰਚ ’ਤੇ ਚਲ ਰਹੇ ਪਰਮਜੀਤ ਗਾਗਾ ਮੈਮੋਰੀਅਲ ’ਚ ਦੋ ਦਿਨਾ ਥੀਏਟਰ ਫ਼ੈਸਟੀਵਲ ਦੇ ਪਹਿਲੇ ਦਿਨ ਅੱਜ ਪ੍ਰਸਿੱਧ ਜਰਮਨ ਨਾਟਕਕਾਰ ਬਰੈਖ਼ਤ ਦੇ ਨਾਟਕ (ਚਾਕ ਸਰਕਲ) ਦਾ ਪੰਜਾਬੀ ਅਨੁਵਾਦ ‘ਮਿੱਟੀ ਨਾ ਹੋਵੇ ਮਤਰੇਈ’ ਦਾ ਮੰਚਨ ਕੀਤਾ ਗਿਆ, ਜਿਸਦਾ ਪੰਜਾਬੀ ਅਨੁਵਾਦ ਅਮਿਤੋਜ ਅਤੇ ਨਿਰਦੇਸ਼ਨ ਯਸ਼ ਨੇ ਕੀਤਾ। ਸਮਾਗਮ ਦੌਰਾਨ ਮੁੱਖ ਮਹਿਮਾਨ ਦੇ ਵਜੋਂ ਪੁਸ਼ਪਿੰਦਰ ਸਿੰਘ ਡੀਐੱਸਪੀ ਲਹਿਰਾ ਨੇ ਸ਼ਿਰਕਤ ਕੀਤੀ, ਜਦੋਂ ਕਿ ਪ੍ਰਧਾਨਗੀ ਉਦਯੋਗਪਤੀ ਪ੍ਰਮੋਦ ਗਰਗ ਨੇ ਕੀਤੀ। ਇਸ ਮੌਕੇ ਕਲਾ ਕੇਂਦਰ ਦੇ ਪ੍ਰਧਾਨ ਐਡਵੋਕੇਟ ਦਿਨੇਸ਼ ਨੇ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਨਾਟਕ ਵਿੱਚ ਜ਼ਾਲਮ ਬਾਦਸ਼ਾਹ ਨਾਡੂ ਖਾਂ ਦੇ ਖ਼ਿਲਾਫ਼਼ ਪ੍ਰਜਾ ਵੱਲੋਂ ਕੀਤੀ ਬਗਾਵਤ ਕਾਰਨ ਪੈਦਾ ਹੋਏ ਹਾਲਾਤਾਂ ਨੂੰ ਬਿਆਨ ਕੀਤਾ ਗਿਆ ਹੈ। ਨਾਟਕ ਵਿਚ ਸਾਰੇ ਕਲਾਕਾਰਾਂ ਨੇ ਆਪਣੇ ਕਿਰਦਾਰਾਂ ਨੂੰ ਬਾਖ਼ੂਬੀ ਨਿਭਾਇਆ, ਜਿਨ੍ਹਾਂ ਵਿੱਚ ਰਿਸ਼ੀ ਵਰਮਾ, ਯਸ਼ਪਾਲ, ਅਨਮੋਲ ਭਾਰਦਵਾਜ, ਮੁਸਕਾਨ, ਡਾ. ਮੀਨੂ, ਜਸਵਿੰਦਰ ਧੀਮਾਨ, ਗੁਰਦਰਸ਼ਨ ਸਿੰਘ, ਸੁਖਜਿੰਦਰ ਕੌਰ, ਜੋਤੀ ਗੁਪਤਾ, ਸਰੋਜ ਰਾਣੀ, ਪਰਮਜੀਤ ਕੌਰ, ਮਨਦੀਪ ਦੀਵਾਨਾ ਆਦਿ ਦੇ ਨਾਂ ਹਨ।