ਖੇਤਰੀ ਪ੍ਰਤੀਨਿਧ
ਧੂਰੀ, 17 ਜੂਨ
ਸ਼ਹਿਰ ਦੇ ਕੱਕੜਵਾਲ ਪੁਲ ਨੇੜੇ ਪਿਛਲੇ ਦਿਨੀਂ ਦੁਕਾਨਦਾਰ ਤੋਂ ਪਿਸਤੌਲ ਦਿਖਾ ਕੇ ਕੀਤੀ ਗਈ ਹਜ਼ਾਰਾਂ ਰੁਪਏ ਦੀ ਲੁੱਟ-ਖੋਹ ਦੇ ਮਾਮਲੇ ’ਚ ਨਾਮਜ਼ਦ ਬਾਕੀ ਰਹਿੰਦੇ ਦੋ ਮੁਲਜ਼ਮਾਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਹੈ।
ਇਸ ਸਬੰਧੀ ਥਾਣਾ ਸਿਟੀ ਧੂਰੀ ਦੇ ਐੱਸ.ਐੱਚ.ਓ. ਹਰਜਿੰਦਰ ਸਿੰਘ ਢਿੱਲੋਂ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਲੰਘੀ 24 ਅਪਰੈਲ ਨੂੰ ਸ਼ਹਿਰ ਦੇ ਕੱਕੜਵਾਲ ਪੁਲ ਨੇੜੇ ਇਕ ਦੁਕਾਨ ਤੋਂ ਮੋਟਰਸਾਈਕਲ ’ਤੇ ਸਵਾਰ ਤਿੰਨ ਲੁਟੇਰਿਆਂ ਨੇ ਪਿਸਤੌਲ ਦਿਖਾ ਕੇ 70 ਹਜ਼ਾਰ ਰੁਪਏ ਤੇ ਮੋਬਾਈਲ ਲੁੱਟਿਆ ਸੀ। ਲੁਟੇਰਿਆਂ ਨੇ ਫਾਇਰਿੰਗ ਵੀ ਕੀਤੀ ਸੀ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਸ਼ਾਮਲ ਇਕ ਮੁਲਜ਼ਮ ਸਤਗੁਰ ਸਿੰਘ ਉਰਫ ਸੱਤੀ ਨੂੰ ਪੁਲੀਸ ਨੇ ਪਹਿਲੀ ਮਈ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਕੋਲੋਂ ਇਕ ਪਿਸਤੌਲ ਤੇ 25 ਹਜ਼ਾਰ ਰੁਪਏ ਸਮੇਤ ਕੁਝ ਜ਼ਰੂਰੀ ਕਾਗਜ਼ਾਤ ਬਰਾਮਦ ਕੀਤੇ ਸਨ। ਹੁਣ ਇਸ ਘਟਨਾ ’ਚ ਨਾਮਜ਼ਦ ਬਾਕੀ ਰਹਿੰਦੇ 2 ਮੁਲਜ਼ਮਾਂ ਕੁਲਵਿੰਦਰ ਸਿੰਘ ਉਰਫ ਭੂਪ ਉਰਫ ਪਿਸਤੌਲ ਜਵੰਧਾ ਰਾਮਗੜ੍ਹ ਜਵੰਧਾ (ਛਾਜਲੀ) ਅਤੇ ਲਵਦੀਸ਼ ਸੰਧੂ ਉਰਫ ਲਵਨੀਸ਼ ਸੰਧੂ ਉਰਫ ਲਵ ਵਾਸੀ ਮਹੇੜੂ, ਜ਼ਿਲ੍ਹਾ ਕਪੂਰਥਲਾ ਨੂੰ ਲੁਧਿਆਣਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ ਹੈ। ਉਨ੍ਹਾਂ ਦੱਸਿਆ ਕਿ ਲੁਟੇਰੇ ਧੂਰੀ ਵਾਲੀ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਵੱਖ-ਵੱਖ ਥਾਵਾਂ ’ਤੇ ਠਹਿਰਦੇ ਰਹੇ। ਇਸੇ ਦੌਰਾਨ ਸਿਟੀ ਪੁਲੀਸ ਬਲਾਚੌਰ ਵੱਲੋਂ ਲੁੱਟ-ਖੋਹ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ 2 ਪਿਸਤੌਲ ਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅਪਰਾਧਿਕ ਪਿਛੋਕੜ ਵਾਲੇ ਇਹ ਮੁਲਜ਼ਮ ਹੁਣ ਪੁਲੀਸ ਰਿਮਾਂਡ ’ਤੇ ਹਨ।