ਪੱਤਰ ਪ੍ਰੇਰਕ
ਅਮਰਗੜ੍ਹ, 7 ਅਗਸਤ
ਇੱਥੇ ਵਾਰਡ ਨੰਬਰ-7 ਵਿੱਚ ਤੀਆਂ ਉਤਸ਼ਾਹ ਨਾਲ ਮਨਾਈਆਂ ਗਈਆਂ। ਇਸ ਮੌਕੇ ਜਿਥੇ ਲੜਕੀਆਂ ਨੇ ਗਿੱਧਾ ਤੇ ਬੋਲੀਆਂ ਪਾ ਕੇ ਰੰਗ ਬੰਨ੍ਹਿਆ ਉਥੇ ਹੀ ਬਜ਼ੁਰਗ ਔਰਤਾਂ ਨੇ ਲੜਕੀਆਂ ਨੂੰ ਚਰਖਾ ਕੱਤਣ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਐੱਮਸੀ ਗੁਰਮੇਲ ਕੌਰ ਨੇ ਕਿਹਾ ਕਿ ਅਜਿਹੇ ਤਿਉਹਾਰ ਅਮੀਰ ਵਿਰਸੇ ਨਾਲ ਜੋੜਨ ਦੀ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਚਰਨਜੀਤ ਕੌਰ, ਕੁਲਦੀਪ ਕੌਰ, ਸ਼ੀਲਾ ਦੇਵੀ ਤੇ ਕੋਮਲ ਆਦਿ ਹਾਜ਼ਰ ਸਨ।
ਧੂਰੀ (ਨਿੱਜੀ ਪੱਤਰ ਪ੍ਰੇਰਕ): ਅੱਗਰਵਾਲ ਵਿਮੈੱਨ ਸਭਾ ਧੂਰੀ ਵੱਲੋਂ ਤੀਆਂ ਇੱਥੋਂ ਦੇ ਇੱਕ ਹੋਟਲ ਵਿੱਚ ਮਨਾਈਆਂ ਗਈਆਂ। ਇਸ ਦੌਰਾਨ ਪੰਜਾਬੀ ਪਹਿਰਾਵੇ ਵਿੱਚ ਸਜੀਆਂ ਮੁਟਿਆਰਾਂ ਨੇ ਗਿੱਧਾ ਤੇ ਭੰਗੜਾ ਜਿਹੀਆਂ ਵੰਨਗੀਆਂ ਪੇਸ਼ ਕਰਕੇ ਲੋਕਾਂ ਨੂੰ ਪੁਰਾਤਨ ਵਿਰਸੇ ਅਤੇ ਪੰਜਾਬੀ ਮਾਂ ਬੋਲੀ ਨਾਲ ਜੁੜਨ ਦਾ ਸੁਨੇਹਾ ਦਿੱਤਾ। ਇਸ ਪ੍ਰੋਗਰਾਮ ਵਿੱਚ ਸਮਾਜ ਸੇਵੀ ਤੇ ‘ਆਪ’ ਆਗੂ ਸਤਿੰਦਰ ਸਿੰਘ ਚੱਠਾ ਨੇ ਬਤੌਰ ਮੁੱਖ ਮਹਿਮਾਨ ਪਹੁੰਚਕੇ ਮੁਟਿਆਰਾਂ ਦੀ ਹੌਸਲਾ-ਅਫਜ਼ਾਈ ਕੀਤੀ। ਇਸ ਪ੍ਰੋਗਰਾਮ ਵਿੱਚ ਅੰਜੂ ਜਿੰਦਲ ਗਰੁੱਪ ਵੱਲੋਂ ਯੋਗਾ ਡਾਂਸ, ਸੀਮਾ ਬਾਂਸਲ ਗਰੁੱਪ ਵੱਲੋਂ ਲੋਕ ਨਾਚ ਚੇਸ਼ਟਾ ਐਂਡ ਪਾਰਟੀ ਵੱਲੋਂ ਗਿੱਧਾ ਤੇ ਰੰਜਨਾ ਐਂਡ ਪਾਰਟੀ ਵੱਲੋਂ ਕੀਤੀ ਪੰਜਾਬੀ ਲੋਕ ਨਾਚ ਦੀ ਪੇਸ਼ਕਾਰੀ ਨੂੰ ਦਰਸ਼ਕਾਂ ਵਲੋਂ ਖੂਬ ਸਰਾਹਿਆ ਗਿਆ। ਇਸ ਦੌਰਾਨ ਸਭਾ ਦੀ ਪ੍ਰਧਾਨ ਪੂਜਾ ਜਿੰਦਲ ਨੇ ਪੜ੍ਹਾਈ ਵਿੱਚ ਮੱਲਾਂ ਮਾਰਨ ਵਾਲੀਆਂ ਵਿਦਿਆਰਥਣਾਂ ਅਤੇ ਮੁੱਖ ਮਹਿਮਾਨ ਸਤਿੰਦਰ ਸਿੰਘ ਚੱਠਾ ਦਾ ਸਨਮਾਨ ਵੀ ਕੀਤਾ।