ਪੱਤਰ ਪ੍ਰੇਰਕ
ਮਸਤੂਆਣਾ ਸਾਹਿਬ, 28 ਅਪਰੈਲ
ਨੇੜਲੇ ਪਿੰਡ ਦੁੱਗਾਂ ਵਿੱਚ ਕਿਸਾਨ ਦੇ ਖੇਤ ਵਿੱਚ ਬਿਜਲੀ ਦੀ ਤਾਰ ਟੁੱਟ ਕੇ ਮੱਝਾਂ ਉੱਪਰ ਡਿੱਗ ਗਈ ਜਿਸ ਕਾਰਨ ਕਰੰਟ ਲੱਗਣ ਨਾਲ ਤਿੰਨ ਮੱਝਾਂ ਦੀ ਮੌਤ ਹੋ ਗਈ। ਪਿੰਡ ਦੁੱਗਾਂ ਦੇ ਮੋਹਤਬਰ ਗੁਰਿੰਦਰ ਸਿੰਘ ਚੌਹਾਨ ਨੇ ਦੱਸਿਆ ਕਿ ਪਿੰਡ ਦੁੱਗਾਂ ਦਾ ਕਿਸਾਨ ਕੁਲਵੰਤ ਸਿੰਘ ਦੁੱਧ ਵੇਚ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ। ਅੱਜ ਦੁਪਹਿਰੇ ਜਦੋਂ ਉਹ ਖੇਤ ਵਿੱਚ ਬਣਾਈ ਛੱਪੜੀ ਵਿੱਚ ਪਸ਼ੂਆਂ ਨੂੰ ਨੁਹਾ ਰਿਹਾ ਸੀ ਤਾਂ ਬਿਜਲੀ ਦਾ ਕੱਟ ਲੱਗਣ ਉਪਰੰਤ ਜਿਉਂ ਹੀ ਬਿਜਲੀ ਆਈ ਤਾਂ ਟਰਾਂਸਫਾਰਮਰ ਦੇ ਨਜ਼ਦੀਕ ਐੱਲਟੀ ਵਾਲੀ ਵੱਡੀ ਤਾਰ ਟੁੱਟ ਕੇ ਪਸ਼ੂਆਂ ’ਤੇ ਆ ਡਿੱਗੀ। ਇਸ ਹਾਦਸੇ ਦੌਰਾਨ ਉਸ ਦੇ ਤਿੰਨ ਪਸ਼ੂਆ ਦੀ ਮੌਕੇ ’ਤੇ ਮੌਤ ਹੋ ਗਈ। ਅਤੇ ਕੁਝ ਪਸ਼ੂ ਬੇਹੋਸ਼ ਹੋ ਗਏ। ਜਿਉਂ ਹੀ ਪੁਲੀਸ ਵਿਭਾਗ ਅਤੇ ਬਿਜਲੀ ਮਹਿਕਮੇ ਨੂੰ ਇਸ ਹਾਦਸੇ ਬਾਰੇ ਪਤਾ ਲੱਗਿਆ ਤਾਂ ਤੁਰੰਤ ਉੱਥੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਮੌਕੇ ’ਤੇ ਪਹੁੰਚੇ ਉੱਭਾਵਾਲ ਸਬ ਡਿਵੀਜ਼ਨ ਦੇ ਐੱਸਡੀਓ ਹੇਮਰਾਜ ਨੇ ਦੱਸਿਆ ਕਿ ਉਹ ਇਸ ਸਬੰਧੀ ਸਾਰਾ ਕੇਸ ਤਿਆਰ ਕਰਕੇ ਸਰਕਾਰ ਨੂੰ ਭੇਜਣਗੇ ਅਤੇ ਕਿਸਾਨ ਨੂੰ ਬਣਦਾ ਮੁਆਵਜ਼ਾ ਦਿਵਾਉਣ ਦੀ ਸਿਫਾਰਸ਼ ਕਰਨਗੇ।