ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 12 ਅਕਤੂਬਰ
ਸਾਹਿਤ ਸਿਰਜਣਾ ਮੰਚ ਅਮਰਗੜ੍ਹ ਵੱਲੋਂ ਭਾਸ਼ਾ ਮੰਚ ਅਤੇ ਵਰਲਡ ਲਿਟਰੇਰੀ ਫੋਰਮ ਦੇ ਸਹਿਯੋਗ ਨਾਲ ਸਥਾਨਕ ਸਰਕਾਰੀ ਕਾਲਜ ਵਿੱਚ ਸੱਤ ਕਿਤਾਬਾਂ ਦਾ ਲੋਕ ਅਰਪਣ, ਵਿਚਾਰ ਚਰਚਾ ਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਇਨ੍ਹਾਂ ਕਿਤਾਬਾਂ ਵਿੱਚ ਨਾਵਲਕਾਰ ਹਰਜੀਤ ਕੌਰ ਵਿਰਕ ਦਾ ਚੌਥਾ ਨਾਵਲ ‘ਬਚੇ ਸ਼ਰਨ ਜੁ ਹੋਇ’, ਨਾਵਲਕਾਰ ਡਾ. ਕਰਨੈਲ ਸ਼ੇਰਗਿੱਲ ਦਾ ਨਾਵਲ ‘ਲੌਕਡਾਊਨ ਅਲਫਾ’, ਕਹਾਣੀਕਾਰ ਹਰਨੇਕ ਸਿੰਘ ਦੀ ਮਿੰਨੀ ਕਹਾਣੀ ਪੁਸਤਕ ‘ਇਕੋ ਰੈਂਕ’, ਖੋਜਾਰਥੀ ਆਲੋਚਕ ਵੀਰ ਕੌਰ ਦੀਆਂ ਦੋ ਪੁਸਤਕਾਂ ‘ਪੰਜਾਬੀ ਗਲਪਕਾਰ ਸਮੀਖਿਆ ਤੇ ਸੰਵਾਦ’ ਅਤੇ ‘ਹਰਜੀਤ ਕੌਰ ਵਿਰਕ ਦੀ ਨਾਵਲ ਦ੍ਰਿਸ਼ਟੀ’ ਅਤੇ ਜਸਵੀਰ ਰਾਣਾ ਦਾ ਨਾਵਲ ‘ ਇੱਥੋਂ ਰੇਗਿਸਤਾਨ ਦਿਸਦਾ ਹੈ’ (ਚੌਥਾ ਐਡੀਸ਼ਨ) ਤੇ ਜਸਵੀਰ ਰਾਣਾ ਦੀਆਂ ਚੋਣਵੀਆਂ ਕਹਾਣੀਆਂ ਸ਼ਾਮਲ ਸਨ। ਇਸ ਸਮਾਗਮ ਦੀ ਪ੍ਰਧਾਨਗੀ ਕਾਲਜ ਦੇ ਪ੍ਰਿੰਸੀਪਲ ਡਾ. ਜਰਨੈਲ ਸਿੰਘ ਧਾਲੀਵਾਲ ਅਤੇ ਪੰਜਾਬੀ ਦੇ ਨਾਮਵਰ ਆਲੋਚਕ ਡਾ. ਧਰਮ ਚੰਦ ਵਾਤਿਸ਼ ਨੇ ਕੀਤੀ। ਸਮਾਗਮ ਦਾ ਆਗਾਜ਼ ਪ੍ਰੋ. ਅਰਵਿੰਦ ਕੌਰ ਸੋਹੀ ਨੇ ਸਾਹਿਤ ਸਿਰਜਣਾ ਦੀ ਭੂਮਿਕਾ ਬੰਨ੍ਹ ਕੇ ਕੀਤਾ। ਇਸ ਤੋਂ ਬਾਅਦ ਸੱਤ ਕਿਤਾਬਾਂ ਦਾ ਲੋਕ ਅਰਪਣ ਕੀਤਾ ਗਿਆ। ਇਸ ਦੌਰਾਨ ਡਾ. ਬਿਕਰਮਜੀਤ, ਦੀਪ ਜਗਦੀਪ, ਡਾ. ਪੁਸ਼ਿਵੰਦਰ ਕੌਰ ਖੋਖਰ , ਡਾ. ਗੁਰਮੀਤ ਕੌਰ, ਡਾ. ਜਰਨੈਲ ਸਿੰਘ, ਡਾ. ਸ਼ਕੀਲ, ਡਾ. ਧਰਮ ਚੰਦ ਵਾਤਿਸ਼ ਤੇ ਡਾ. ਸ਼ਫੀਕ ਮੁਹੰਮਦ ਵਿਚਾਰ ਚਰਚਾ ਵਿੱਚ ਹਿੱਸਾ ਲਿਆ। ਸਮਾਗਮ ਵਿੱਚ ਚਿੱਤਰਕਾਰ ਗਗਨ ਵਿਰਕ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ਦਾ ਮੰਚ ਸੰਚਾਲਨ ਕਹਾਣੀਕਾਰ ਜਸਵੀਰ ਰਾਣਾ ਨੇ ਕੀਤਾ। ਇਨ੍ਹਾਂ ਨੇ ਕਿਹਾ ਕਿ ਹਰਜੀਤ ਕੌਰ ਵਿਰਕ ਦਾ ਨਾਵਲ ਸਿੱਖ ਇਤਿਹਾਸ ਦੀ ਜਾਂਬਾਜ ਪਾਤਰ ਸ਼ਰਨ ਕੌਰ ਦੀ ਜ਼ਿੰਦਗੀ ਅਤੇ ਯੁੱਧ ਦੇ ਮੈਦਾਨ ਵਿੱਚ ਡਿੱਗੀਆਂ ਲਾਸ਼ਾਂ ਦੇ ਸਸਕਾਰ ਦੀ ਗੌਰਵਮਈ ਗਾਥਾ ਨੂੰ ਸਮਕਾਲ ਨਾਲ ਜੋੜ ਕੇ ਪੇਸ਼ ਕਰਦਾ ਹੈ। .ਡਾ. ਕਰਨੈਲ ਸ਼ੇਰਗਿੱਲ ਦਾ ਨਾਵਲ ਕਰੋਨਾ ਯੁੱਗ ਵਿੱਚ ਰਿਸ਼ਤਿਆਂ ਦੀ ਕੈਮਿਸਟਰੀ ਤੇ ਰਿਸ਼ਤਿਆਂ ਦੇ ਲਾਕਡਾਊਨ ਦੀਆਂ ਪਰਤਾਂ ਉਘਾੜਦਾ ਹੈ। ਹਰਨੇਕ ਸਿੰਘ ਦੀਆਂ ਕਹਾਣੀਆਂ ਪਰਦੇਸ ਵਿੱਚ ਗਏ ਪੰਜਾਬੀ ਬੰਦੇ ਦੀ ਸਥਿਤੀ ਤੇ ਸੰਕਟ ਨੂੰ ਬਿਆਨ ਕਰਦੀਆਂ ਹਨ।