ਭਵਾਨੀਗੜ੍ਹ: ਇੱਥੇ ਥਾਣੇ ਦੇ ਬਿਲਕੁਲ ਨਜ਼ਦੀਕ ਸਥਿਤ ਭਗਵਾਨ ਵਾਲਮੀਕਿ ਮੰਦਰ ਵਿੱਚ ਗੋਲਕ ਤੋੜਕੇ ਚੋਰੀ ਕਰ ਲਈ ਗਈ ਹੈ। ਇਸ ਸਬੰਧੀ ਮੰਦਰ ਦੇ ਮੁੱਖ ਪ੍ਰਬੰਧਕ ਗਮੀ ਕਲਿਆਣ ਨੇ ਦੱਸਿਆ ਕਿ ਜਦੋਂ ਮੰਦਰ ਦਾ ਸੇਵਾਦਾਰ ਜੋਤ ਬੱਤੀ ਕਰਨ ਲੱਗਾ ਤਾਂ ਉਸ ਨੇ ਮੰਦਰ ਦੀ ਗੋਲਕ ਟੁੱਟੀ ਹੋਈ ਹਾਲਤ ਵਿੱਚ ਦੇਖੀ। ਇਸ ਉਪਰੰਤ ਉਸ ਨੇ ਮੰਦਰ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਇੱਕ ਅਣਪਛਾਤਾ ਆਦਮੀ ਗੋਲਕ ਤੋੜ ਕੇ ਪੈਸੇ ਕੱਢ ਕੇ ਲਿਜਾਂਦਾ ਦਿਖਾਈ ਦਿੱਤਾ। ਮੰਦਰ ਕਮੇਟੀ ਵੱਲੋਂ ਇਸ ਸਬੰਧੀ ਥਾਣਾ ਭਵਾਨੀਗੜ੍ਹ ਨੂੰ ਸੂਚਨਾ ਦੇ ਦਿੱਤੀ ਗਈ ਹੈ। ਥਾਣਾ ਮੁਖੀ ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਨੇ ਘਟਨਾ ਸਥਾਨ ’ਤੇ ਪਹੁੰਚ ਕੇ ਮੌਕਾ ਦੇਖਿਆ। ਪੁਲੀਸ ਨੇ ਅਣਪਛਾਤੇ ਚੋਰ ਦੀ ਸੀਸੀਟੀਵੀ ਕੈਮਰੇ ਵਿੱਚ ਕੈਦ ਤਸਵੀਰ ਨਸ਼ਰ ਕਰਦਿਆਂ ਕਿਹਾ ਕਿ ਮੁਲਜ਼ਮ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। -ਪੱਤਰ ਪ੍ਰੇਰਕ