ਗੁਰਦੀਪ ਸਿੰਘ ਲਾਲੀ
ਸੰਗਰੂਰ, 31 ਅਕਤੂਬਰ
ਇੱਥੇ ਸਰਕਾਰੀ ਰਣਬੀਰ ਕਾਲਜ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੰਗਰੂਰ ਜ਼ੋਨ ਦਾ ਚਾਰ ਰੋਜ਼ਾ ਖੇਤਰੀ ਯੁਵਕ ਤੇ ਲੋਕ ਮੇਲਾ ਅਮਿਟ ਪੈੜਾਂ ਛੱਡਦਾ ਹੋਇਆ ਸਮਾਪਤ ਹੋ ਗਿਆ। ਮੇਲੇ ਦੇ ਚੌਥੇ ਤੇ ਆਖ਼ਰੀ ਦਿਨ ਜਿੱਥੇ ਗਿੱਧੇ ਦੇ ਮੁਕਾਬਲੇ ਦੌਰਾਨ ਪੰਜਾਬਣ ਮੁਟਿਆਰਾਂ ਨੇ ਇੱਕ-ਦੂਜੇ ਨਾਲੋਂ ਵਧ ਕੇ ਆਪਣੀ ਕਲਾ ਦੇ ਰੰਗ ਬਿਖ਼ੇਰੇ, ਉੱਥੇ ਰਵਾਇਤੀ ਪਹਿਰਾਵਾ ਪ੍ਰਦਰਸ਼ਨੀ ਦੇ ਮੁਕਾਬਲੇ ਦੌਰਾਨ ‘ਥੋਨੂੰ ਨਸ਼ਾ ਵਲੈਤਾਂ ਦਾ, ਮਾਪੇ ਜਿਉਣ ਆਸਰੇ ਕੀਹਦੇ’ ਦੀ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਭਾਵੁਕ ਕਰ ਦਿੱਤਾ। ਮੇਲੇ ’ਚ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਮੁੱਖ ਮਹਿਮਾਨ ਜਦੋਂਕਿ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਅਤੇ ‘ਆਪ’ ਦੇ ਬੁਲਾਰੇ ਜਸਵੀਰ ਸਿੰਘ ਜੱਸੀ ਸੇਖੋਂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
ਅਖੀਰਲੇ ਦਿਨ ਸ਼ਾਸਤਰੀ ਨ੍ਰਿਤ, ਰਵਾਇਤੀ ਪਹਿਰਾਵਾ ਪ੍ਰਦਰਸ਼ਨੀ, ਰਵਾਇਤੀ ਲੋਕ ਗੀਤ, ਲੰਮੀਆਂ ਹੇਕਾਂ ਵਾਲੇ ਗੀਤ, ਗਿੱਧਾ, ਸ਼ਾਸਤਰੀ ਸੰਗੀਤ ਵਾਦਨ ਤਾਲ, ਸ਼ਾਸਤਰੀ ਸੰਗੀਤ ਵਾਦਨ ਸਵਰ, ਕਲੀ ਗਾਇਨ, ਵਾਰ ਗਾਇਨ ਅਤੇ ਕਵੀਸ਼ਰੀ ਦੇ ਮੁਕਾਬਲੇ ਹੋਏ। ਲੰਮੀਆਂ ਹੇਕਾਂ ਵਾਲੇ ਲੋਕ ਗੀਤਾਂ ਨੇ ਵਿਆਹ ਵਾਲਾ ਮਾਹੌਲ ਸਿਰਜਿਆ। ਪੰਜਾਬਣ ਮੁਟਿਆਰਾਂ ਦੇ ਗਿੱਧੇ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ। ਰਵਾਇਤੀ ਪਹਿਰਾਵਾ ਪ੍ਰਦਰਸ਼ਨੀ ਦੇ ਮੁਕਾਬਲੇ ’ਚ ‘ਥੋਨੂੰ ਨਸ਼ਾ ਵਲੈਤਾਂ ਦਾ, ਮਾਪੇ ਜਿਉਣ ਆਸਰੇ ਕੀਹਦੇ’ ਦੀ ਪੇਸ਼ਕਾਰੀ ਨੇ ਧੜਾਧੜ ਵਿਦੇਸ਼ ਉਡਾਰੀ ਮਾਰ ਰਹੀ ਪੰਜਾਬ ਦੀ ਨੌਜਵਾਨੀ ਦੇ ਅਤਿ ਗੰਭੀਰ ਮੁੱਦੇ ਨੂੰ ਛੋਹਿਆ ਹੀ ਨਹੀਂ ਸਗੋਂ ਪੁੱਤ ਪ੍ਰਦੇਸ਼ ਤੋਰ ਕੇ ਪਿੱਛੇ ਰਹਿ ਕੇ ਮਾਪਿਆਂ ਦੇ ਦਰਦ ਨੂੰ ਦਰਸਾਉਂਦਿਆਂ ਦਰਸ਼ਕਾਂ ਨੂੰ ਝੰਜੋੜ ਕੇ ਰੱਖ ਦਿੱਤਾ। ਮੇਲੇ ’ਚ ਆਮ ਆਦਮੀ ਪਾਰਟੀ ਦੇ ਜੁਆਇੰਟ ਸਕੱਤਰ ਜਸਵੀਰ ਕੌਰ ਸ਼ੇਰਗਿੱਲ ਅਤੇ ਕਾਰੋਬਾਰੀ ਦੀਪਕ ਜਿੰਦਲ ਵੀ ਉਚੇਚੇ ਤੌਰ ’ਤੇ ਸ਼ਾਮਲ ਹੋਏ। ਕਾਲਜ ਦੇ ਪ੍ਰਿੰਸੀਪਲ ਪ੍ਰੋ. ਸੁਖਬੀਰ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਮੇਲੇ ਦੀ ਸਫ਼ਲਤਾ ਲਈ ਕਾਲਜ ਦੇ ਸਟਾਫ਼ ਦਾ ਧੰਨਵਾਦ ਕੀਤਾ।
ਕਾਲਜ ਦੇ ਯੂਥ ਕੋਆਰਡੀਨੇਟਰ ਡਾ. ਹਰਦੀਪ ਸਿੰਘ ਨੇ ਦੱਸਿਆ ਕਿ ਤੀਜੇ ਦਿਨ ਹੋਏ ਮੁਕਾਬਲਿਆਂ ’ਚ ਸਰਕਾਰੀ ਰਣਬੀਰ ਕਾਲਜ ਦੇ ਵਿਦਿਆਰਥੀਆਂ ਨੇ ਇਕਾਂਗੀ ਨਾਟਕ ਅਤੇ ਲੋਕ ਸਾਜ਼ ਵਿੱਚ ਪਹਿਲਾ, ਮਿਮਿਕਰੀ ਅਤੇ ਫੋਕ ਆਰਕੈਸਟਰਾ ਵਿੱਚ ਦੂਜਾ ਅਤੇ ਵਾਦ-ਵਿਵਾਦ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ।