ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 8 ਅਪਰੈਲ
ਇੱਥੋਂ ਨੇੜਲੇ ਪਿੰਡ ਹਰਕਿਸ਼ਨਪੁਰਾ ਵਿੱਚ ਕਰੀਬ 18 ਲੱਖ ਰੁਪਏ ਦੀ ਲਾਗਤ ਨਾਲ ਬਣਿਆ ਰੇਨ ਵਾਟਰ ਹਾਰਵੈਸਟਿੰਗ ਛੱਪੜ ਪਹਿਲੇ ਦਿਨ ਹੀ ਪਾਣੀ ਛੱਡਣ ਨਾਲ ਢਹਿ-ਢੇਰੀ ਹੋ ਗਿਆ।ਸਰਕਾਰੀ ਗਰਾਂਟ ਦੀ ਦੁਰਵਰਤੋਂ ਦਾ ਇਹ ਮਾਮਲਾ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਸ ਕਾਰਜ ਨੂੰ ਮੁਕੰਮਲ ਹੋਣ ਸਬੰਧੀ ਜਾਰੀ ਸਰਟੀਫਿਕੇਟ ਨੂੰ ਲੈ ਕੇ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਹੋ ਗਏ ਹਨ।ਛੱਪੜ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਜਦ ਪਹਿਲੀ ਵਾਰ ਛੱਪੜ ਦੇ ਖੂਹਾਂ ਵਿੱਚ ਪਾਣੀ ਛੱਡਿਆ ਗਿਆ ਤਾਂ ਆਲੇ ਦੁਆਲੇ ਦੀ ਸਾਰੀ ਜਗ੍ਹਾ ਜ਼ਮੀਨ ਵਿੱਚ ਧੱਸ ਗਈ ਅਤੇ ਖੂਹਾਂ ਦੀਆਂ ਕੰਧਾਂ ਤਰੇੜਾਂ ਖਾ ਗਈਆਂ।ਇਸ ਮੌਕੇ ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਯੂਥ ਵਿੰਗ ਪ੍ਰਧਾਨ ਨਰਿੰਦਰ ਕੌਰ ਭਰਾਜ ਨੇ ਮੌਕੇ ’ਤੇ ਪਹੁੰਚ ਕੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਅਨੇਕਾਂ ਸਵਾਲ ਚੁੱਕੇ।ਇਸ ਮੌਕੇ ਉਨ੍ਹਾਂ ਨਾਲ ਹਰਦੀਪ ਸਿੰਘ ਤੂਰ, ਮਨਦੀਪ ਲੱਖੇਵਾਲ, ਪਰਮਿੰਦਰ ਸਿੰਘ, ਹਰਜੀਤ ਸਿੰਘ, ਜਗਜੀਤ ਸਿੰਘ, ਨੈਬ ਸਿੰਘ, ਰਾਜਵੀਰ ਸਿੰਘ, ਪਰਦੀਪ ਸਿੰਘ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ ।ਇਸ ਸਬੰਧੀ ਕੈਬਨਿਟ ਮੰਤਰੀ ਸਿੰਗਲਾ ਦੇ ਓਐੱਸਡੀ ਜਗਤਾਰ ਨਮਾਦਾ ਨੇ ਕਿਹਾ ਕਿ ਹਰਕਿਸ਼ਨਪੁਰਾ ਦੇ ਛੱਪੜ ਸਬੰਧੀ ਮਹਿਕਮੇ ਦੇ ਐਕਸੀਅਨ ਨੂੰ ਪੜਤਾਲ ਕਰਨ ਲਈ ਕਹਿ ਰਹੇ ਹਨ ।