ਮੈਡੀਕਲ ਕਾਲਜ ਵਾਲੀ ਥਾਂ ਦਾ ਮੁੱਦਾ ਭਖ਼ਿਆ : The Tribune India

ਮੈਡੀਕਲ ਕਾਲਜ ਵਾਲੀ ਥਾਂ ਦਾ ਮੁੱਦਾ ਭਖ਼ਿਆ

ਮੈਡੀਕਲ ਕਾਲਜ ਵਾਲੀ ਥਾਂ ਦਾ ਮੁੱਦਾ ਭਖ਼ਿਆ

ਮਸਤੂਆਣਾ ਸਾਹਿਬ ਵਿੱਚ ਬਣਨ ਵਾਲੇ ਮੈਡੀਕਲ ਕਾਲਜ ਦੇ ਰੱਖੇ ਗਏ ਨੀਂਹ ਪੱਥਰ ਦੀ ਫਾਈਲ ਫੋਟੋ।

ਐੱਸ ਐੱਸ ਸੱਤੀ

ਮਸਤੂਆਣਾ ਸਾਹਿਬ, 30 ਨਵੰਬਰ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 5 ਅਗਸਤ ਨੂੰ ਮਸਤੂਆਣਾ ਸਾਹਿਬ ਵਿੱਚ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖ ਕੇ ਲੋਕਾਂ ਨੂੰ ਕਿਹਾ ਗਿਆ ਸੀ ਕਿ ਇਹ ਅਕਾਲੀ-ਕਾਂਗਰਸੀਆਂ ਵਾਲੇ ਨੀਂਹ ਪੱਥਰ ਸਾਬਤ ਨਹੀਂ ਹੋਣਗੇ ਕਿ ਜਿਨ੍ਹਾਂ ਨਾਲ ਝੋਟੇ-ਢੱਠੇ ਖੁਰਕ ਕਰਨ, ਸਗੋਂ ਜਲਦੀ ਹੀ ਕਾਲਜ ਤਿਆਰ ਕਰਵਾ ਕੇ ਮਾਰਚ-ਅਪਰੈਲ 2023 ਨੂੰ ਕਲਾਸਾਂ ਸ਼ੁਰੂ ਕਰਵਾ ਦਿੱਤੀਆਂ ਜਾਣਗੀਆਂ। ਹੁਣ ਇਸ ਮੈਡੀਕਲ ਕਾਲਜ ਦੀ ਉਸਾਰੀ ਦਾ ਮਾਮਲਾ ਹੱਲ ਹੋਣ ਦੀ ਬਜਾਏ ਦਿਨ ਪ੍ਰਤੀਦਿਨ ਹੋਰ ਗੁੰਝਲਦਾਰ ਹੁੰਦਾ ਜਾਪ ਰਿਹਾ ਹੈ। ਕਿਉਂਕਿ ਸਰਕਾਰ ਸਮੇਤ ਇਸ ਵਿੱਚ ਸ਼ਾਮਲ ਸਾਰੀਆਂ ਧਿਰਾਂ ਇੱਕ ਦੂਜੇ ’ਤੇ ਦੂਸ਼ਣਬਾਜ਼ੀ ਕਰਨ ਵਿੱਚ ਰੁੱਝੀਆਂ ਹੋਈਆਂ ਹਨ।

ਉਧਰ, ਮੈਡੀਕਲ ਕਾਲਜ ਲਈ ਗੁਰਦੁਆਰਾ ਅੰਗੀਠਾ ਸਾਹਿਬ ਦੀ ਆਪ ਬਣੀ ਗੈਰ-ਅਧਿਕਾਰਤ ਕਮੇਟੀ ਵੱਲੋਂ ਸਰਕਾਰ ਦੇ ਨਾਂ ’ਤੇ 25 ਏਕੜ ਜ਼ਮੀਨ ਅਦਾਲਤੀ ਕੇਸ ਦੇ ਤੱਥ ਪ੍ਰਸ਼ਾਸਨ ਅਤੇ ਆਮ ਲੋਕਾਂ ਤੋਂ ਲੁਕਾ ਕੇ ਰਜਿਸਟਰੀ ਕਰਵਾ ਕੇ ਸਰਕਾਰ ਅਤੇ ਆਮ ਲੋਕਾਂ ਨੂੰ ਗੁੰਮਰਾਹ ਕੀਤਾ ਹੈ। ਹੁਣ ਇਹ ਗੁਰਦੁਆਰਾ ਅੰਗੀਠਾ ਸਾਹਿਬ ਦੀ ਆਪ ਬਣੀ ਗੈਰ-ਅਧਿਕਾਰਤ ਕਮੇਟੀ ਤੇ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀ ਆਪਣੇ ਖ਼ਿਲਾਫ਼ ਮੁਕੱਦਮਾ ਦਰਜ ਹੋਣ ਦੇ ਡਰੋਂ ਲੋਕਾਂ ਨੂੰ ਗੁੰਮਰਾਹ ਕਰ ਕੇ ਵੱਖ ਵੱਖ ਥਾਵਾਂ ’ਤੇ ਧਰਨੇ ਲਗਵਾ ਰਹੇ ਹਨ। ਜਦੋਂਕਿ ਇਹ ਵਿਵਾਦ ਵਾਲੀ ਜ਼ਮੀਨ ਸਰਕਾਰ ਦੇ ਨਾਂ ਰਜਿਸਟਰੀ ਕਰਵਾਉਣ ਨੂੰ ਲੈ ਕੇ ਐੱਸਜੀਪੀਸੀ, ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਬਲਦੇਵ ਸਿੰਘ ਸਿਰਸਾ ਅਤੇ ਹੋਰਾਂ ਵਿਅਕਤੀਆਂ ਵੱਲੋਂ ਅਦਾਲਤ ਵਿੱਚ ਆਪ ਬਣੀ ਗੈਰ-ਅਧਿਕਾਰਤ ਕਮੇਟੀ ਦੇ ਮੈਂਬਰਾਂ ਖ਼ਿਲਾਫ਼ ਸ਼ਖਤ ਕਾਰਵਾਈ ਕਰਨ ਹਿੱਤ ਕੇਸ ਕੀਤਾ ਹੋਇਆ ਹੈ। ਉਧਰ, ਪੰਥਕ ਚੇਤਨਾ ਲਹਿਰ ਦੇ ਮੁਖੀ ਜਥੇਦਾਰ ਪ੍ਰਸ਼ੋਤਮ ਸਿੰਘ ਫੱਗੂਵਾਲਾ ਨੇ ਕਿਹਾ ਕਿ ‘ਗੱਲ ਸਹੇ ਦੀ ਨਹੀਂ-ਗੱਲ ਤਾਂ ਪਹੇ ਦੀ’ ਹੈ। ਕਿਉਂਕਿ ਜੇਕਰ ਸਰਕਾਰਾਂ ਇਸ ਤਰ੍ਹਾਂ ਆਪ ਬਣੀਆਂ ਗੈਰ-ਅਧਿਕਾਰਤ ਕਮੇਟੀਆਂ ਨੂੰ ਹੱਲਾਸ਼ੇਰੀ ਦੇ ਕੇ ਗੁਰੂਘਰਾਂ ਦੀਆਂ ਜ਼ਮੀਨਾਂ ਨੂੰ ਸਰਕਾਰ ਆਪਣੇ ਨਾਂ ਕਰਵਾਉਣੀਆਂ ਸ਼ੁਰੂ ਕਰ ਦੇਣਗੀਆਂ ਤਾਂ ਹੋਰਨਾਂ ਗੁਰੂਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਵੀ ਅੱਖੋ-ਪਰੋਖੇ ਕਰਕੇ ਜ਼ਮੀਨਾਂ ਨੂੰ ਆਪਣੇ ਨਾਂ ਕਰਵਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਐੱਸਜੀਪੀਸੀ ਅਤੇ ਮਸਤੂਆਣਾ ਟਰੱਸਟ ਨੂੰ ਇਸ ਤਰ੍ਹਾਂ ਦਾ ਕੋਈ ਅਧਿਕਾਰ ਨਹੀਂ ਹੈ ਕਿ ਉਹ ਗੁਰੂਘਰ ਨੂੰ ਦਾਨ ਕੀਤੀ ਹੋਈ ਜ਼ਮੀਨ ਨੂੰ ਅੱਗੇ ਦਾਨ ਕਰ ਸਕਣ।

ਜਸਵੰਤ ਸਿੰਘ ਖਹਿਰਾ

ਜਗ੍ਹਾ ਦੇ ਵਿਵਾਦ ਬਾਰੇ ਡੀਸੀ ਨੂੰ ਕਰਵਾਇਆ ਸੀ ਜਾਣੂ: ਸਕੱਤਰ

ਅਕਾਲ ਕਾਲਜ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਕਿਹਾ ਕਿ ਟਰੱਸਟ ਵੱਲੋਂ ਮੈਡੀਕਲ ਕਾਲਜ ਬਣਾਉਣ ਵਾਲੀ ਜਗ੍ਹਾ ਦੇ ਵਿਵਾਦ ਬਾਰੇ ਨੀਂਹ ਪੱਥਰ ਰੱਖਣ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਸਾਰੀ ਸਥਿਤੀ ਤੋਂ ਲਿਖਤੀ ਤੌਰ ਵਿੱਚ ਜਾਣੂ ਕਰਵਾ ਦਿੱਤਾ ਸੀ ਤਾਂ ਜੋ ਕਾਲਜ ਦੀ ਉਸਾਰੀ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆ ਸਕੇ। ਉਨ੍ਹਾਂ ਟਰੱਸਟ ਅਤੇ ਕੌਂਸਲ ਵੱਲੋਂ ਸੰਗਰੂਰ-ਬਰਨਾਲਾ ਮੁੱਖ ਮਾਰਗ ’ਤੇ ਪਈ 55 ਏਕੜ ਜ਼ਮੀਨ ਵਿੱਚੋਂ 25 ਏਕੜ ਜ਼ਮੀਨ ਮੈਡੀਕਲ ਕਾਲਜ ਬਣਾਉਣ ਲਈ ਡਿਪਟੀ ਕਮਿਸ਼ਨਰ ਸਾਹਿਬ ਸੰਗਰੂਰ ਨੂੰ 7 ਮਈ 2022 ਨੂੰ ਲਿਖਤੀ ਤੌਰ ’ਤੇ ਪੇਸ਼ਕਸ਼ ਵੀ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਜੇ ਇਥੇ ਇਹ ਮੈਡੀਕਲ ਕਾਲਜ ਬਣਦਾ ਹੈ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਮੁੱਚੀ ਕੌਂਸਲ ਤੇ ਟਰੱਸਟ ਵੱਲੋਂ ਸਰਕਾਰ ਨੂੰ ਪਹਿਲਾਂ ਵੀ ਸਹਿਯੋਗ ਦਿੱਤਾ ਜਾ ਰਿਹਾ ਹੈ ਤੇ ਅੱਗੇ ਵੀ ਇਸ ਮੈਡੀਕਲ ਕਾਲਜ ਬਣਾਉਣ ਲਈ ਪੂਰਨ ਸਹਿਯੋਗ ਦੇਣ ਲਈ ਤਿਆਰ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All