ਬੀਰਬਲ ਰਿਸ਼ੀ
ਸ਼ੇਰਪੁਰ, 18 ਫਰਵਰੀ
ਚੋਣ ਪ੍ਰਚਾਰ ਦੇ ਆਖ਼ਰੀ ਦਿਨ ਅੱਜ ਸੰਯੁਕਤ ਸਮਾਜ ਮੋਰਚੇ ਦੀਆਂ ਪੇਂਡੂ ਰੈਲੀਆਂ ਦੌਰਾਨ ਕੱਲ੍ਹ ਧੂਰੀ ਸ਼ਹਿਰ ’ਚ ਪੁਲੀਸ ਵੱਲੋਂ ਸ਼ਹਿਰੀਆਂ ਨਾਲ ਮਿਲਣੀ ਦਾ ਰੱਖਿਆ ਪ੍ਰੋਗਰਾਮ ਰੋਕਣ ਦਾ ਮਾਮਲਾ ਭਾਰੂ ਰਿਹਾ। ਅੱਜ ਪਿੰਡ ਕੁੰਭੜਵਾਲ, ਰੰਗੀਆਂ, ਧੰਦੀਵਾਲ, ਕਾਂਝਲਾ, ਕਾਂਝਲੀ, ਨੱਤ, ਕਿਲਾਹਕੀਮਾ ਸਣੇ ਡੇਢ ਦਰਜਨ ਪਿੰਡਾਂ ਵਿੱਚ ਐੱਸਐੱਸਐੱਮ ਦੇ ਉਮੀਦਵਾਰ ਸਰਬਜੀਤ ਸਿੰਘ ਅਲਾਲ ਤੇ ਉਸ ਦੀ ਟੀਮ ਵਿੱਚ ਸ਼ੁਮਾਰ ਬੀਕੇਯੂ ਰਾਜੇਵਾਲ ਦੇ ਆਗੂਆਂ ਨੇ ਧੂਰੀ ਦੀ ਪੁਲੀਸ ਨੂੰ ਕੋਸਿਆ। ਸ੍ਰੀ ਅਲਾਲ ਨੇ ਦੱਸਿਆ ਕਿ ਕੱਲ੍ਹ ਧੂਰੀ ਸ਼ਹਿਰ ਵਿੱਚ ਸ਼ਾਮ ਸਮੇਂ ਸ਼ਹਿਰੀਆਂ ਨਾਲ ਮਿਲਣ ਦਾ ਪ੍ਰੋਗਰਾਮ ਸੀ। ਜਿਉਂ ਹੀ ਸ਼ਾਮ ਸਮੇਂ ਸ਼ਹਿਰੀ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲੱਗੇ ਤਾਂ ਸਬੰਧਤ ਸਿਟੀ ਪੁਲੀਸ ਨੇ ਡੰਡੇ ਦੇ ਜ਼ੋਰ ’ਤੇ ਬੰਦ ਕਰਵਾ ਦਿੱਤਾ ਅਤੇ ਪਹਿਲਾਂ ਮਨਜ਼ੂਰੀ ਲੈਣ ਸਬੰਧੀ ਕਿਹਾ। ਉਨ੍ਹਾਂ ਦੋਸ਼ ਲਾਇਆ ਕਿ ਪ੍ਰੋਗਰਾਮ ਰੱਦ ਕਰਵਾਏ ਜਾਣ ਨਾਲ ਉਨ੍ਹਾਂ ਦੇ ਮਹਿਮਾਨ ਬੁਲਾਰੇ ਯੂਨਾਈਟਿਡ ਅਕਾਲੀ ਦਲ ਦੇ ਸੂਬਾਈ ਪ੍ਰਧਾਨ ਗੁਰਦੀਪ ਸਿੰਘ ਬਠਿੰਡਾ ਅਤੇ ਲੋਕ ਅਧਿਕਾਰ ਲਹਿਰ ਦੇ ਸੂਬਾ ਕਮੇਟੀ ਮੈਂਬਰ ਬਲਵਿੰਦਰ ਸਿੰਘ ਨੂੰ ਬਿਨਾ ਬੋਲਿਆਂ ਵਾਪਸ ਪਰਤਣਾ ਪਿਆ। ਸ੍ਰੀ ਅਲਾਲ ਨੇ ਕਿਹਾ ਕਿ ਉਹ ਸਬੂਤਾਂ ਸਣੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਨ ਜਾ ਰਹੇ ਹਨ।
ਕਿਸੇ ਦਾ ਕੋਈ ਪ੍ਰੋਗਰਾਮ ਨਹੀਂ ਰੋਕਿਆ: ਐੱਸਐੱਚਓ
ਐੱਸਐੱਚਓ ਸਿਟੀ ਕ੍ਰਿਪਾਲ ਸਿੰਘ ਨੇ ਸਾਰੇ ਦੋਸ਼ਾਂ ਨੂੰ ਰੱਦ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਿਸੇ ਦਾ ਕੋਈ ਪ੍ਰੋਗਰਾਮ ਨਹੀਂ ਰੋਕਿਆ।