ਰਾਜਿੰਦਰ ਜੈਦਕਾ
ਅਮਰਗੜ੍ਹ, 7 ਜੁਲਾਈ
ਪਿੰਡ ਸਲਾਰ ਦੇ ਨਜ਼ਦੀਕ ਨਹਿਰ ਦੇ ਪੁਲ ਤੋਂ ਸੂਏ ਦੇ ਪੁਲ ਤੱਕ ਤਕਰੀਬਨ 2-3 ਕਿਲੋਮੀਟਰ ਦੇ ਘੇਰੇ ਵਿੱਚ ਬੀਤੀ ਰਾਤ ਝੱਖੜ ਆਉਣ ਕਾਰਨ ਕਈ ਦਰਜਨ ਦਰੱਖਤ ਡਿੱਗ ਗਏ ਤੇ ਬਿਜਲੀ ਦੇ ਖੰਭੇ ਵੀ ਧਰਤੀ ਨੂੰ ਲੱਗ ਗਏ।
ਸਵਰਨ ਸਿੰਘ ਕਾਲਾ, ਹਰਪ੍ਰੀਤ ਸਿੰਘ, ਹਰਦੀਪ ਸਿੰਘ, ਨਿਰਮਲ ਸਿੰਘ ਸਲਾਰ ਆਦਿ ਨੇ ਦੱਸਿਆ ਕਿ ਬੀਤੀ ਰਾਤ ਤੇਜ਼ ਹਨੇਰੀ ਨੇ ਕਈ ਦਰਜਨ ਦਰੱਖਤ ਜੜ੍ਹੋਂ ਪੁੱਟ ਸੁੱਟੇ। ਸਲਾਰ ਨਾਰੀਕੇ ਸੜਕ ’ਤੇ ਦਰਖਤ ਡਿੱਗਣ ਨਾਲ ਰਸਤਾ ਬੰਦ ਹੋ ਗਿਆ। ਕਈ ਦਰੱਖਤ ਖੇਤਾਂ ਵਿੱਚ ਡਿੱਗਣ ਕਾਰਨ ਜ਼ੀਰੀ ਦਾ ਨੁਕਸਾਨ ਵੀ ਹੋ ਗਿਆ ਹੈ। ਸੂਏ ਵਿੱਚ ਦਰੱਖਤ ਡਿੱਗਣ ਨਾਲ ਪਾਣੀ ਅੱਗੇ ਜਾਣੋਂ ਰੁੱਕ ਗਿਆ। ਜੇਕਰ ਦਰਖਤ ਸੂਏ ਵਿੱਚੋਂ ਬਾਹਰ ਨਾ ਕੱਢੇ ਜਾਂਦੇ ਤਾਂ ਸੂਏ ਦਾ ਪਾਣੀ ਕਿਸਾਨਾਂ ਦੀਆਂ ਫਸਲਾਂ ਬਰਬਾਦ ਕਰ ਸਕਦਾ ਸੀ। ਬਾਬੇ ਕੰਮੇ ਸ਼ਾਹ ਦੀ ਸਮਾਧ ਕੋਲ ਡਿੱਗੇ ਦਰੱਖਤਾਂ ਨੂੰ ਲੋਕਾਂ ਨੇ ਹਟਾਉਣ ਲਈ ਟਰੈਕਟਰਾਂ ਦਾ ਸਹਾਰਾ ਲਿਆ। ਇਸ ਸਬੰਧੀ ਵਣ ਰੇਂਜ ਅਫਸਰ ਅਜੀਤ ਸਿੰਘ ਨੇ ਕਿਹਾ ਕਿ ਦਰੱਖਤਾਂ ਨੂੰ ਸੂਏ ਵਿੱਚੋਂ ਕੱਢਣ ਲਈ ਟਰੈਕਟਰ ਲਗਾਇਆ ਗਿਆ ਹੈ ਅਤੇ ਰਸਤੇ ਵਿੱਚੋਂ ਦਰੱਖਤਾਂ ਨੂੰ ਇੱਕ ਪਾਸੇ ਕਰਵਾ ਕੇ ਸੰਭਾਲਿਆ ਜਾ ਰਿਹਾ ਹੈ।