ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 19 ਅਗਸਤ
ਅਹਿਮਦਗੜ੍ਹ ਪੁਲੀਸ ਵੱਲੋਂ ਨਸ਼ੀਲੀਆਂ ਗੋਲੀਆਂ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜੇ ਨੇੜਲੇ ਪਿੰਡ ਭੋਗੀਵਾਲ ਦੇ ਨੌਜਵਾਨ ਜਸਵਿੰਦਰ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਅੱਜ ਮਜ਼ਦੂਰ ਮੁਕਤੀ ਮੋਰਚਾ ਦਾ ਵਫ਼ਦ ਮੋਰਚਾ ਦੇ ਸੂਬਾਈ ਮੀਤ ਪ੍ਰਧਾਨ ਗੋਬਿੰਦ ਸਿੰਘ ਛਾਜਲੀ ਦੀ ਅਗਵਾਈ ਹੇਠ ਨੌਜਵਾਨ ਦੇ ਪਰਿਵਾਰ ਸਮੇਤ ਜ਼ਿਲ੍ਹਾ ਪੁਲੀਸ ਮੁਖੀ ਮਾਲੇਰਕੋਟਲਾ ਅਵਨੀਤ ਕੌਰ ਸਿੱਧੂ ਨੂੰ ਮਿਲਿਆ। ਇਸ ਮੌਕੇ ਉਨ੍ਹਾਂ ਮੰਗ ਕੀਤੀ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਕੇ ਨੌਜਵਾਨ ਜਸਵਿੰਦਰ ਸਿੰਘ ਨੂੰ ਇਨਸਾਫ਼ ਦਿੱਤਾ ਜਾਵੇ । ਜ਼ਿਲ੍ਹਾ ਪੁਲੀਸ ਮੁਖੀ ਨੇ ਵਫ਼ਦ ਨੂੰ ਇਨਸਾਫ਼ ਦੇਣ ਦਾ ਭਰੋਸਾ ਦਿਵਾਇਆ। ਸੀਪੀਆਈ (ਐੱਮਐੱਲ) ਲਬਿਰੇਸ਼ਨ ਦੇ ਸੂਬਾ ਕਮੇਟੀ ਮੈਂਬਰ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਗੋਬਿੰਦ ਸਿੰਘ ਛਾਜਲੀ ਨੇ ਕਿਹਾ ਕਿ ਅਹਿਮਦਗੜ੍ਹ ਪਲੀਸ ਨੇ ਜਸਵਿੰਦਰ ਸਿੰਘ ਤਾਂ ਕੁੱਪ ਕਲਾਂ ਵਿੱਚ ਨਸ਼ਾ ਮੁਕਤੀ ਕੇਂਦਰ ਵਿੱਚ ਡਰਾਈਵਰ ਵਜੋਂ ਕੰਮ ਕਰ ਰਿਹਾ ਸੀ। ਸ੍ਰੀ ਛਾਜਲੀ ਨੇ ਮੰਗ ਕੀਤੀ ਕਿ ਮਾਮਲੇ ਦੇ ਅਸਲ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਹੋਵੇ , ਜਸਵਿੰਦਰ ਸਿੰਘ ਦਾ ਨਾਂ ਇਸ ਮਾਮਲੇ ‘ਚੋਂ ਕੱਢਿਆ ਜਾਵੇ। ਸ੍ਰੀ ਛਾਜਲੀ ਨੇ ਕਿਹਾ ਕਿ ਜੇ ਪਰਿਵਾਰ ਨੂੰ ਇਨਸਾਫ਼ ਨਾ ਮਿਲਿਆ ਤਾਂ ਮਜ਼ਦੂਰ ਮੁਕਤੀ ਮੋਰਚਾ ਸੰਘਰਸ਼ ਵਿੱਢੇਗਾ। ਇਸ ਮੌਕੇ ਬਿੱਟੂ ਸਿੰਘ ਖੋਖਰ, ਗੁਰਜੀਤ ਸਿੰਘ ਲਹਿਰਾ,ਪੀੜਤ ਪਰਿਵਾਰ ਵਿੱਚੋਂ ਗੁਰਮੀਤ ਸਿੰਘ, ਮਾਤਾ ਸੁਰਜੀਤ ਕੌਰ ਹਾਜ਼ਰ ਸਨ।