ਬੀਰਬਲ ਰਿਸ਼ੀ
ਸ਼ੇਰਪੁਰ, 24 ਜਨਵਰੀ
ਪਿੰਡ ਘਨੌਰੀ ਕਲਾਂ ਵਿੱਚ ਪਾਣੀ ਦੀ ਨਿਕਾਸੀ ਲਈ ਟੁੱਟੀ ਪੁਲੀ ਨਿਰਧਾਰਤ ਮਾਪਦੰਡਾਂ ਤਹਿਤ ਮੁੜ ਬਣਾਉਣ ਦਾ ਕੰਮ ਠੇਕੇਦਾਰ ਨੇ ਸ਼ੁਰੂ ਕਰ ਦਿੱਤਾ ਹੈ। ਪੁਲੀ ਨਿਰਧਾਰਤ ਮਾਪਦੰਡਾਂ ਤੋਂ ਪਤਲੀ ਸਲੈਬ ਪਾਏ ਜਾਣ ਦਾ ਮਾਮਲਾ 20 ਜਨਵਰੀ ਨੂੰ ‘ਪੰਜਾਬੀ ਟ੍ਰਿਬਿਊਨ’ ਨੇ ਪ੍ਰਮੁੱਖਤਾ ਨਾਲ ਉਠਾਇਆ ਸੀ, ਜਿਸ ਮਗਰੋਂ ਪਹਿਲਾਂ ਬਣੀ ਪੁਲੀ ਤੁੜਵਾ ਕੇ ਕੰਮ ਮੁੜ ਸ਼ੁਰੂ ਕਰਵਾ ਦਿੱਤਾ ਗਿਆ ਹੈ।
ਯਾਦ ਰਹੇ ਪਿੰਡ ਘਨੌਰੀ ਕਲਾਂ ਦੀ ਫਿਰਨੀ ‘ਤੇ ਬਣਾਈਆਂ ਜਾਣ ਵਾਲੀਆਂ ਸਾਰੀਆਂ ਪੁਲੀਆਂ ਨੂੰ ਟੁੱਟੀਆਂ ਪਈਆਂ ਹਨ ਜਿਨ੍ਹਾਂ ਵਿੱਚੋਂ ਆਰੇ ਨੇੜੇ ਸਭ ਤੋਂ ਪਹਿਲੀ ਪੁਲੀ ਬਣਾਏ ਜਾਣ ਦਾ ਕੰਮ ਪਤਲੀ ਸਲੈਬ ਕਾਰਨ ਵਿਵਾਦਾਂ ਵਿੱਚ ਘਿਰ ਗਿਆ ਸੀ। ਕਿਰਤੀ ਕਿਸਾਨ ਯੂਨੀਅਨ ਨੇ ਨਿਰਧਾਰਤ ਮਾਪਦੰਡਾਂ ਤਹਿਤ ਪੁਲੀ ਨਾ ਬਣਾਏ ਜਾਣ ‘ਤੇ ਸੰਘਰਸ਼ ਦੀ ਚਿਤਾਵਨੀ ਵੀ ਦਿੱਤੀ ਸੀ। ਹੁਣ ਯੂਨੀਅਨ ਆਗੂ ਬਲਵੀਰ ਸਿੰਘ ਅਤੇ ਯੂਥ ਆਗੂ ਲਖਵੀਰ ਸਿੰਘ ਲੱਖਾ ਨੇ ਪੂਰੇ ਮਟੀਰੀਅਲ ਨਾਲ ਪੁਲੀ ਮੁੜ ਬਣਾਏ ਜਾਣ ਦਾ ਕੰਮ ਸ਼ੁਰੂ ਹੋਣ ਨੂੰ ਲੋਕ ਏਕਤਾ ਦੀ ਜਿੱਤ ਦੱਸਿਆ ਹੈ। ਦੂਜੇ ਪਾਸੇ ਪੰਜਾਬ ਮੰਡੀ ਬੋਰਡ ਦੇ ਜੇਈ ਇਕਬਾਲ ਸਿੰਘ ਨੇ ਕਿਹਾ ਕਿ ਲੋਕਾਂ ਦੇ ਇਤਰਾਜ ਕਾਰਨ ਉਨ੍ਹਾਂ ਨੇ ਠੇਕੇਦਾਰ ਨੂੰ ਪੁਲੀ ਦੁਬਾਰਾ ਬਣਾਉਣ ਲਈ ਉਸ ਦਿਨ ਹੀ ਕਹਿ ਦਿੱਤਾ ਸੀ ਅਤੇ ਹੁਣ ਵਿਭਾਗ ਦੇ ਮੁਲਾਜ਼ਮ ਖੁਦ ਨਿਗਰਾਨੀ ਹੇਠ ਕੰਮ ਕਰਵਾ ਰਹੇ ਹਨ।