ਪਵਨ ਕੁਮਾਰ ਵਰਮਾ
ਧੂਰੀ, 28 ਅਕਤੂਬਰ
ਧੂਰੀ ਹਲਕੇ ਵਿੱਚ ਝੋਨੇ ਦੀ ਵਾਢੀ ਮਗਰੋਂ ਕਿਸਾਨਾਂ ਵੱਲੋਂ ਪਰਾਲੀ ਸਾੜੇ ਜਾਣ ਦਾ ਸਿਲਸਿਲਾ ਜਾਰੀ ਹੈ। ਪਰਾਲੀ ਨੂੰ ਅੱਗ ਲਗਾਉਣ ’ਤੇ ਪਾਬੰਦੀ ਦੇ ਬਾਵਜੂਦ ਜ਼ਿਆਦਾਤਰ ਕਿਸਾਨ ਪ੍ਰਸ਼ਾਸਨ ਹੁਕਮਾਂ ਦੀ ਪ੍ਰਵਾਹ ਨਾ ਕਰਦਿਆਂ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਾ ਰਹੇ ਹਨ, ਜਿਸ ਕਾਰਨ ਇਥੇ ਪ੍ਰਦੂਸ਼ਣ ਫੈਲ ਰਿਹਾ ਹੈ ਤੇ ਸੜਕ ਹਾਦਸੇ ਹੋਣ ਦਾ ਡਰ ਬਣਿਆ ਹੋਇਆ ਹੈ। ਜਿਹੜੇ ਕਿਸਾਨਾਂ ਦੇ ਖੇਤ ਸੜਕ ਕੰਢੇ ਲੱਗਦੇ ਹਨ, ਉਨ੍ਹਾ ਵਿੱਚੋਂ ਨਿਕਲਦੇ ਧੂੰਏਂ ਕਾਰਨ ਵਾਹਨ ਚਾਲਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰਾਲੀ ਨੂੰ ਅੱਗ ਲਗਾਉਣ ਨਾਲ ਬਿਲਕੁਲ ਨਾਲ ਲੱਗਦੇ ਖੇਤਾਂ ਵਿੱਚ ਖੜ੍ਹੀ ਫ਼ਸਲ ਨੂੰ ਨੁਕਸਾਨ ਹੋਣ ਦਾ ਵੀ ਖ਼ਤਰਾ ਰਹਿੰਦਾ ਹੈ। ਵੱਖ-ਵੱਖ ਸੰਸਥਾਵਾਂ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀ ਇਸ ਸਮੱਸਿਆ ਨੂੰ ਪੂਰੀ ਗੰਭੀਰਤਾ ਨਾਲ ਨਹੀਂ ਲੈ ਰਹੇ। ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਬਣੇ ਕਾਨੂੰਨ ਸਖ਼ਤੀ ਨਾਲ ਲਾਗੂ ਹੋਣੇ ਚਾਹੀਦੇ ਹਨ। ਕਿਸਾਨਾਂ ਨੇ ਕਿਹਾ ਕਿ ਝੋਨੇ ਦੀ ਪਰਾਲੀ ਦੇ ਧੂੰਏ ਦੀ ਸਮੱਸਿਆ ਤੋਂ ਖੁਦ ਕਿਸਾਨ ਵੀ ਦੁਖੀ ਹਨ। ਪਰ ਉਹ ਪਰਾਲੀ ਨੂੰ ਅੱਗ ਮਜਬੂਰਵੱਸ ਲਗਾਉਂਦੇ ਹਨ। ਜੇ ਸਰਕਾਰ ਪ੍ਰਦੂਸ਼ਣ ਪ੍ਰਤੀ ਸੱਚੇ ਦਿਲੋਂ ਗੰਭੀਰ ਹੈ ਤਾਂ ਪੰਜਾਬ ਸਰਕਾਰ ਪਰਾਲੀ ਦੀਆਂ ਗੱਠਾਂ ਬਣਾਉਣ ਦਾ ਆਪ ਖੁਦ ਇੰਤਜਾਮ ਕਰੇ।