ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 12 ਅਗਸਤ
ਆਪਣੀ ਕਥਿਤ ਪ੍ਰੇਮਿਕਾ ਨੂੰ ਮਿਲਣ ਲਈ ਦਸ ਦਿਨ ਪਹਿਲਾਂ ਨੇੜਲੇ ਪਿੰਡ ਸੰਘਰੇੜੀ ਜਾਂਦਿਆਂ ਰਾਹ ਵਿੱਚੋਂ ਅਗਵਾ ਹੋਏ ਨੌਜਵਾਨ ਦੀ ਲਾਸ਼ ਨੂੰ ਪੁਲੀਸ ਨੇ 11 ਦਿਨਾਂ ਬਾਅਦ ਬਠਿੰਡਾ ਨੇੜੇ ਇੱਕ ਰਜਵਾਹੇ ਵਿੱਚੋਂ ਬਰਾਮਦ ਕੀਤਾ। ਪੁਲੀਸ ਨੇ ਇਸ ਮਾਮਲੇ ’ਚ ਮ੍ਰਿਤਕ ਨੌਜਵਾਨ ਦੀ ਪ੍ਰੇਮਿਕਾ ਅਤੇ ਉਸ ਦੇ ਭਰਾ ਸਮੇਤ ਚਾਰ ਵਿਅਕਤੀਆਂ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ ਮੋਟਰਸਾਈਕਲ ਤੋਂ ਇਲਾਵਾ ਘਟਨਾ ਨੂੰ ਅੰਜ਼ਾਮ ਦੇਣ ਲਈ ਵਰਤੇ ਹਥਿਆਰ ਬਰਾਮਦ ਕਰ ਕੇ ਫਰਾਰ ਪ੍ਰੇਮਿਕਾ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਜਾਂਚ ਅਧਿਕਾਰੀ ਪੁਲੀਸ ਚੌਕੀ ਘਰਾਚੋਂ ਦੇ ਇੰਚਾਰਜ ਐੱਸਆਈ ਕ੍ਰਿਪਾਲ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਕੁਝ ਦਿਨ ਪਹਿਲਾਂ ਮੱਖਣ ਸਿੰਘ ਵਾਸੀ ਗੁਰਦਿਆਲਪੁਰਾ ਥਾਣਾ ਸਮਾਣਾ (ਪਟਿਆਲਾ) ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਪਿੰਡ ਦੇ ਹੀ ਰਹਿਣ ਵਾਲੇ ਉਸ ਦੇ ਦੋਸਤ ਰਾਮਜੀਤ ਸਿੰਘ ਨੇ ਉਸ ਨੂੰ ਕਿਹਾ ਸੀ ਕਿ ਉਹ ਆਪਣੀ ਪ੍ਰੇਮਿਕਾ ਨੂੰ ਮਿਲਣ ਲਈ ਉਸ ਦੇ ਪੇਕੇ ਪਿੰਡ ਸੰਘਰੇੜੀ ਜਾ ਰਿਹਾ ਹੈ ਤੇ ਉਹ ਵੀ ਉਸ ਦੇ ਨਾਲ ਚੱਲੇ। ਮੱਖਣ ਸਿੰਘ ਨੇ ਦੱਸਿਆ ਕਿ ਜਦੋਂ ਉਹ ਦੋਵੇਂ ਮੋਟਰਸਾਈਕਲ ’ਤੇ ਭਵਾਨੀਗੜ੍ਹ ਨੇੜੇ ਪਿੰਡ ਅਕਬਰਪੁਰ ਪਹੁੰਚੇ ਤਾਂ ਰਾਮਜੀਤ ਸਿੰਘ ਇੱਕ ਦੁਕਾਨ ’ਤੇ ਰੁਕ ਗਿਆ ਤੇ ਮੋਬਾਈਲ ਫ਼ੋਨ ’ਤੇ ਕਿਸੇ ਨਾਲ ਗੱਲਬਾਤ ਕਰਨ ਲੱਗ ਪਿਆ। ਇਸੇ ਦੌਰਾਨ ਮੋਟਰਸਾਈਕਲ ’ਤੇ ਲਲਕਾਰੇ ਮਾਰਦੇ ਆਏ 3 ਵਿਅਕਤੀਆਂ ਜਿਨ੍ਹਾਂ ਦੇ ਹੱਥਾਂ ’ਚ ਰਾਡਾਂ ਸਨ, ਨੇ ਰਾਮਜੀਤ ਸਿੰਘ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਧਮਕੀਆਂ ਦਿੰਦਿਆਂ ਉਸ ਦੇ ਦੋਸਤ ਨੂੰ ਧੱਕੇ ਨਾਲ ਆਪਣੇ ਮੋਟਰਸਾਈਕਲ ’ਤੇ ਬਿਠਾ ਕੇ ਲੈ ਗਏ। ਇੱਕ ਵਿਅਕਤੀ ਉਸ ਦਾ ਮੋਟਰਸਾਈਕਲ ਵੀ ਆਪਣੇ ਨਾਲ ਚੁੱਕ ਕੇ ਲੈ ਗਿਆ। ਸ਼ਿਕਾਇਤ ਦੇ ਅਧਾਰ ’ਤੇ ਪੁਲੀਸ ਨੇ 7 ਅਗਸਤ ਨੂੰ ਅਰਸ਼ਦੀਪ ਸਿੰਘ ਵਾਸੀ ਸੰਘਰੇੜੀ ਅਤੇ ਸਰਬਜੀਤ ਕੌਰ ਵਾਸੀ ਗੁਰਦਿਆਲਪੁਰਾ ਖ਼ਿਲਾਫ਼ ਮਾਮਲਾ ਦਰਜ ਕਰ ਕੇ ਰਾਮਜੀਤ ਸਿੰਘ ਦੀ ਭਾਲ ਸ਼ੁਰੂ ਕਰ ਦਿੱਤੀ ਸੀ।
ਇਸ ਦੌਰਾਨ ਅਗਵਾ ਹੋਏ ਨੌਜਵਾਨ ਰਾਮਜੀਤ ਸਿੰਘ ਦੀ ਬੁੱਧਵਾਰ ਨੂੰ ਲਾਸ਼ ਪੁਲੀਸ ਨੂੰ ਬਠਿੰਡਾ ਦੇ ਬੰਗੀ ਨਿਹਾਲ ਸਿੰਘ ਵਾਲਾ ਕੋਲੋਂ ਰਜਵਾਹੇ ਵਿੱਚੋਂ ਮਿਲੀ। ਪੁਲੀਸ ਨੇ ਮਾਮਲੇ ‘ਚ ਅਰਸ਼ਦੀਪ ਸਿੰਘ ਵਾਸੀ ਸੰਘਰੇੜੀ, ਗੁਰਦੀਪ ਸਿੰਘ ਵਾਸੀ ਭੂਰੇ ਕੁੱਬੇ ਜ਼ਿਲ੍ਹਾ ਬਰਨਾਲਾ ਅਤੇ ਸੋਨੀ ਸਿੰਘ ਵਾਸੀ ਸੇਰੋਂ ਨੂੰ ਗ੍ਰਿਫ਼ਤਾਰ ਕਰਦਿਆਂ ਉਨ੍ਹਾਂ ਕੋਲੋਂ ਮ੍ਰਿਤਕ ਦਾ ਮੋਟਰਸਾਈਕਲ ਅਤੇ ਕਤਲ ਕਰਨ ਵਾਲੇ ਹਥਿਆਰ ਵੀ ਬਰਮਾਦ ਕੀਤੇ।
ਪੁਲੀਸ ਮੁਤਾਬਕ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਨੇ ਪੁੱਛ-ਗਿੱਛ ਦੌਰਾਨ ਮੰਨਿਆ ਕਿ ਸਰਬਜੀਤ ਕੌਰ ਗੁਰਦਿਆਲਪੁਰਾ ਵਿੱਚ ਵਿਆਹੀ ਹੋਈ ਸੀ ਤੇ ਰਾਮਜੀਤ ਸਿੰਘ ਜਦੋਂ ਸਰਬਜੀਤ ਕੌਰ ਨੂੰ ਮਿਲਣ ਲਈ ਉਸਦੇ ਪੇਕੇ ਪਿੰਡ ਸੰਘਰੇੜੀ ਆਉਂਦਾ ਤਾਂ ਉਹ ਸਰਬਜੀਤ ਕੌਰ ਦੇ ਭਰਾ ਅਰਸ਼ਦੀਪ ਸਿੰਘ ਨੂੰ ਧਮਕਾਉਂਦਾ ਸੀ ਤੇ ਤੰਗ ਪ੍ਰੇਸ਼ਾਨ ਵੀ ਕਰਦਾ ਸੀ ਜਿਸ ਕਾਰਨ ਉਨ੍ਹਾਂ ਨੇ ਉਸਦਾ ਕਤਲ ਕਰਕੇ ਲਾਸ਼ ਨੂੰ ਟਿਕਾਣੇ ਲਾਉਣ ਲਈ ਨਹਿਰ ਵਿੱਚ ਸੁੱਟ ਦਿੱਤਾ। ਜਾਂਚ ਅਧਿਕਾਰੀ ਕ੍ਰਿਪਾਲ ਸਿੰਘ ਨੇ ਦੱਸਿਆ ਕਿ ਰਾਮਜੀਤ ਸਿੰਘ ਦੀ ਲਾਸ਼ ਮਿਲਣ ਤੋਂ ਬਾਅਦ ਪੁਲੀਸ ਨੇ ਮਾਮਲੇ ‘ਚ ਪਹਿਲਾਂ ਦਰਜ ਕੀਤੇ ਕੇਸ ਦੀਆਂ ਧਾਰਾਵਾਂ ’ਚ ਆਈਪੀਸੀ ਦੀ ਧਾਰਾ 302 ਨੂੰ ਜੋੜ ਕੇ ਜੁਰਮ ਵਿੱਚ ਵਾਧਾ ਕੀਤਾ ਹੈ। ਮ੍ਰਿਤਕ ਰਾਮਜੀਤ ਸਿੰਘ ਮਜ਼ਦੂਰ ਪਰਿਵਾਰ ਨਾਲ ਸਬੰਧਤ ਅਤੇ ਅਜੇ ਵਿਆਹਿਆ ਨਹੀਂ ਸੀ, ਜਦੋਂ ਕਿ ਸਰਬਜੀਤ ਕੌਰ ਦੋ ਬੱਚਿਆਂ ਦੀ ਮਾਂ ਹੈ।