ਬਹਾਦਰ ਸਿੰਘ ਮਰਦਾਂਪੁਰ
ਰਾਜਪੁਰਾ, 19 ਜੂਨ
ਇਲਾਕੇ ’ਚੋਂ ਗੁਜ਼ਰਦੀ ਰਾਜਪੁਰਾ-ਅੰਬਾਲਾ ਜੀਟੀ ਰੋਡ ’ਤੇ ਸ਼ੰਭੂ ਬੈਰੀਅਰ ਰਾਹੀਂ ਪੰਜਾਬ ਵਿੱਚ ਦਾਖ਼ਲ ਹੋ ਰਹੇ ਪਰਵਾਸੀ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਕਰਨ ਵਾਲੇ ਅਧਿਆਪਕ ਸੰਘਰਸ਼ ਕਮੇਟੀ ਪਟਿਆਲਾ ਦੇ ਅਧਿਆਪਕਾਂ ਨੇ ਉਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਲੋੜੀਂਦੀਆਂ ਸਿਹਤ ਸਹੂਲਤਾਂ ਨਾ ਮਿਲਣ ਕਾਰਨ ਰੋਸ ਪ੍ਰਗਟ ਕੀਤਾ।
ਸੰਘਰਸ਼ ਕਮੇਟੀ ਦੇ ਆਗੂਆਂ ਅਵਤਾਰ ਸਿੰਘ ਮਾਨ, ਜਗਪਾਲ ਸਿੰਘ ਚੈਹਿਲ, ਜੋਗਾ ਸਿੰਘ ਘਨੌਰ, ਸੁਖਵਿੰਦਰ ਸਿੰਘ ਸਲੇਮਪੁਰ ਜੱਟਾਂ, ਸੰਦੀਪ ਸਿੰਘ ਗਦਾਪੁਰ, ਅੰਗਰੇਜ ਸਿੰਘ ਗਾਜੀਪੁਰ, ਪਰਵਿੰਦਰ ਘੁੰਗਰਾ ਅਤੇ ਚਰਨਜੀਤ ਸਿੰਘ ਜਰੀਕਪੁਰ ਸਣੇ ਹੋਰਨਾਂ ਨੇ ਆਖਿਆ ਕਿ ਕਰੋਨਾ ਮਹਾਮਾਰੀ ਖ਼ਿਲਾਫ਼ ਡਾਕਟਰ ਅਤੇ ਨਰਸਾਂ ਦੇ ਨਾਲ ਅਧਿਆਪਕ ਵਰਗ ਵੀ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਸੇਵਾਵਾਂ ਦੇ ਰਹੇ ਹਨ। ਪਰ ਸਿਹਤ ਵਿਭਾਗ ਵੱਲੋਂ ਸ਼ੰਭੂ ਬੈਰੀਅਰ ’ਤੇ ਪੰਜਾਬ ਵਿੱਚ ਦਾਖ਼ਲ ਹੋਣ ਵਾਲੇ ਹਜ਼ਾਰਾਂ ਪਰਵਾਸੀ ਮਜ਼ਦੁੂਰਾਂ ਦੀ ਰਜਿਸਟ੍ਰੇਸ਼ਨ ਕਰਦੇ ਅਧਿਆਪਕਾਂ ਨੂੰ ਪੀਪੀਈ ਕਿੱਟਾਂ, ਸਿਹਤ ਸਹੂਲਤਾਂ ਸਣੇ 50 ਲੱਖ ਰੁਪਏ ਦੀ ਸਿਹਤ ਬੀਮਾ ਯੋਜਨਾ ਤੋਂ ਵੀ ਬਾਹਰ ਰੱਖਿਆ ਜਾ ਰਿਹਾ ਹੈ, ਇਸ ਕਾਰਨ ਇਹਨਾਂ ਅਧਿਆਪਕਾਂ ਵਿੱਚ ਤਿੱਖਾ ਰੋਸ ਹੈ।
ਆਗੂਆਂ ਨੇ ਆਖਿਆ ਕਿ ਇਹ ਕਾਰਜ ਅਧਿਆਪਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਕਰੋਨਾ ਤੋਂ ਪੀੜਤ ਹੋਣ ਦਾ ਡਰ ਬਣਿਆ ਹੋਇਆ ਹੈ।
ਇਸ ਸਬੰਧੀ ਰਾਜਪੁਰਾ ਦੇ ਐੱਸਡੀਐੱਮ ਖੁਸ਼ਦਿਲ ਸਿੰਘ ਸੰਧੂ ਨੇ ਆਖਿਆ ਕਿ ਸ਼ੰਭੂ ਬੈਰੀਅਰ ’ਤੇ ਪਰਵਾਸੀ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਕਰਨ ਵਾਲੇ ਅਧਿਆਪਕਾਂ ਨੂੰ ਮਾਸਕ ਅਤੇ ਹੋਰ ਲੋੜੀਂਦੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।