ਗੁਰਦੀਪ ਸਿੰਘ ਲਾਲੀ
ਸੰਗਰੂਰ, 5 ਅਗਸਤ
ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਦਿੱਤੇ ਸੱਦੇ ’ਤੇ ਅਧਿਆਪਕਾਂ ਵਲੋਂ ਅੱਜ ‘ਵੰਗਾਰ ਦਿਵਸ’ ਮਨਾਉਂਦਿਆਂ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਜਨਤਕ ਸਿੱਖਿਆ ਅਤੇ ਅਧਿਆਪਕ ਵਿਰੋਧੀ ਨੀਤੀਆਂ ਖ਼ਿਲਾਫ਼ ਪਰਿਵਾਰਾਂ ਸਮੇਤ ਘਰਾਂ ਅੱਗੇ ਮੰਗਾਂ ਦੇ ਪੋਸਟਰ ਲਗਾ ਕੇ ਅਤੇ ਕਾਲੇ ਝੰਡੇ ਲਹਿਰਾ ਕੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ। ਅਧਿਆਪਕਾਂ ਨੇ ਕਿਹਾ ਕਿ ਸਰਕਾਰ ਲਗਾਤਾਰ ਮੁਲਾਜ਼ਮ ਵਿਰੋਧੀ ਅਤੇ ਲੋਕ ਮਾਰੂ ਫੈਸਲੇ ਲੈ ਰਹੀ ਹੈ ਜਿਸ ਕਰਕੇ ਇਨ੍ਹਾਂ ਸੰਘਰਸ਼ਾਂ ਰਾਹੀਂ ਸਰਕਾਰ ਨੂੰ ਵੰਗਾਰਨ ਦਾ ਫੈਸਲਾ ਲਿਆ ਹੈ।
ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਗਲਵੱਟੀ, ਬਲਵਿੰਦਰ ਭੁੱਕਲ, ਸਤਵੰਤ ਸਿੰਘ ਆਲਮਪੁਰ, ਫਕੀਰ ਸਿੰਘ ਟਿੱਬਾ, ਦੇਵੀ ਦਿਆਲ ਤੇ ਸਰਬਜੀਤ ਸਿੰਘ ਪੁੰਨਾਵਾਲ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਕੋਵਿਡ-19 ਮਹਾਮਾਰੀ ਦੀ ਆੜ ’ਚ ਲਗਾਤਾਰ ਅਧਿਆਪਕ, ਮੁਲਾਜ਼ਮ ਵਿਰੋਧੀ ਫੈਸਲੇ ਕੀਤੇ ਜਾ ਰਹੇ ਹਨ। ਡੇਢ ਸਾਲ ਬੀਤ ਜਾਣ ਦੇ ਬਾਵਜੂਦ ਪਟਿਆਲਾ ਸੰਘਰਸ਼ ਸਮੇਂ ਸਰਕਾਰ ਨਾਲ ਹੋਏ ਸਮਝੌਤਿਆਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਸਗੋਂ ਸੰਘਰਸ਼ਸ਼ੀਲ ਆਗੂਆਂ ਦੀ ਜੁਬਾਨਬੰਦੀ ਤੇ ਕਲਮਬੰਦੀ ਕੀਤੀ ਜਾ ਰਹੀ ਹੈ। ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਨੂੰ ਨਿਸ਼ਾਨਾ ਬਣਾਉਣ ਦੇ ਇਰਾਦੇ ਨਾਲ ਮਨਘੜਤ ਦੋਸ਼ ਸੂਚੀ ਜਾਰੀ ਕੀਤੀ ਗਈ ਹੈ। ਆਗੂਆਂ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਲਟਕਦੀਆਂ ਹੋਰ ਮੰਗਾਂ ਜਿਵੇਂ ਕਿ ਹਰ ਤਰ੍ਹਾਂ ਦੇ ਕੱਚੇ ਅਧਿਆਪਕ/ਮੁਲਾਜ਼ਮਾਂ ਪੱਕੇ ਕਰਵਾਉਣ, ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਵਾਉਣ, ਵਿਭਾਗ ਵਿੱਚ ਸਮਾਪਤ ਕੀਤੀਆਂ ਹਜ਼ਾਰਾਂ ਪੋਸਟਾਂ ਬਹਾਲ ਕਰਵਾਉਣ, ਨਵੀਂ ਭਰਤੀ ਅਧੀਨ ਅਧਿਆਪਕਾਂ, ਮੁਲਾਜ਼ਮਾਂ ਲਈ ਲਾਗੂ ਕੀਤੇ ਜਾ ਰਹੇ ਕੇਂਦਰੀ ਤਨਖਾਹ ਸਕੇਲਾਂ ਨੂੰ ਰੱਦ ਕਰਵਾਉਣ, ਡੀਏ ਦੀਆਂ ਬਕਾਇਆ ਕਿਸ਼ਤਾਂ ਤੇ ਪੇ-ਕਮਿਸ਼ਨ ਦੀ ਰਿਪੋਰਟ ਜਾਰੀ ਕਰਵਾਉਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣ, ਅਧਿਆਪਕਾਂ ਦੇ ਮੋਬਾਈਲ ਭੱਤੇ ’ਚ ਕੀਤੀ ਕਟੌਤੀ ਵਾਪਸ ਕਰਵਾਉਣ ਸਣੇ ਅਨੇਕਾਂ ਮੰਗਾਂ ਲਈ ਜਥੇਬੰਦੀ ਸੰਘਰਸ਼ ਕਰ ਰਹੀ ਹੈ। ਪੰਜਾਬ ਸੁਬਾਰਡੀਨੇਟ ਸਰਵਿਸ਼ਿਜ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਚੰਗਾਲੀਵਾਲਾ ਤੇ ਚੈਅਰਮੈਨ ਮਾਲਵਿੰਦਰ ਸਿੰਘ ਨੇ ਵੰਗਾਰ ਦਿਵਸ ਦਾ ਸਮਰਥਨ ਕਰਦਿਆਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਅਧਿਆਪਕਾਂ ਦੇ ਇਨ੍ਹਾ ਮਸਲਿਆਂ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਯੂਥ ਕਾਂਗਰਸ ਦੀ ਮੀਟਿੰਗ ਵਿੱਚ ਹੋਏ ਝਗੜੇ ’ਚ ਇਕ ਜ਼ਖ਼ਮੀ
ਪਾਤੜਾਂ (ਗੁਰਨਾਮ ਸਿੰਘ ਚੌਹਾਨ) ਯੂਥ ਕਾਂਗਰਸ ਦੀ ਮੀਟਿੰਗ ਵਿੱਚ ਹੋਈ ਹੱਥੋਪਾਈ ’ਚ ਇੱਕ ਵਰਕਰ ਜ਼ਖ਼ਮੀ ਹੋ ਗਿਆ। ਜਿਸ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਇਸੇ ਦੌਰਾਨ ਦੂਜੀ ਧਿਰ ਨੇ ਪੁਲੀਸ ਚੌਕੀ ’ਚ ਜਾ ਕੇ ਮਹਿੰਗਾ ਮੋਬਾਈਲ ਖੋਹ ਲੈਣ ਦੇ ਦੋਸ਼ ਲਾਏ ਹਨ। ਸਬ ਡਵੀਜ਼ਨ ਕੰਪਲੈਕਸ ਪਾਤੜਾਂ ’ਚ ਹੋਈ ਮੀਟਿੰਗ ’ਚ ਪਿੰਡ ਦੁਤਾਲ ਦੇ ਇੱਕ ਆਗੂ ਵੱਲੋਂ ਕੀਤੀ ਇਤਰਾਜ਼ਯੋਗ ਟਿੱਪਣੀ ਮਗਰੋਂ ਬੇਅੰਤ ਸਿੰਘ ਮੀਟਿੰਗ ਛੱਡ ਕੇ ਚਲਾ ਗਿਆ। ਮਗਰੋਂ ਪਾਤੜਾਂ ਦੇ ਸਨਸਿਟੀ ਬਾਜ਼ਾਰ ਕੋਲ ਦੋਵਾਂ ਧੜਿਆਂ ’ਚ ਹੋਏ ਝਗੜੇ ’ਚ ਜ਼ਖ਼ਮੀ ਹੋਏ ਯੂਥ ਆਗੂ ਨੂੰ ਜਦੋਂ ਹਸਪਤਾਲ ਲਿਜਾਇਆ ਗਿਆ ਤਾਂ ਦੂਜੇ ਧੜੇ ਨੇ ਸ਼ਹਿਰੀ ਪੁਲੀਸ ਚੌਕੀ ’ਚ ਦਰਖਾਸਤ ਦਿੱਤੀ ਕਿ ਕੁਝ ਵਿਅਕਤੀਆਂ ਨੇ ਹਮਲਾ ਕਰਕੇ ਉਸ ਦਾ ਕੀਮਤ ਮੋਬਾਇਲ ਖੋਹ ਲਿਆ ਹੈ। ਯੂਥ ਕਾਂਗਰਸ ਦੇ ਹਲਕਾ ਪ੍ਰਧਾਨ ਅਮਨਦੀਪ ਸਿੰਘ ਕਿਹਾ ਕਿ ਦੋਵਾਂ ਧਿਰਾਂ ਦੇ ਵਰਕਰਾਂ ’ਚ ਆਪਸੀ ਤਕਰਾਰ ਹੈ ਪਰ ਕਿਸੇ ਵਾਰਕਰ ਨੇ ਮੋਬਾਈਲ ਨਹੀਂ ਖੋਹਿਆ।