ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 13 ਸਤੰਬਰ
ਸਥਾਨਕ ਤਾਰਾ ਕਾਨਵੈਂਟ ਸਕੂਲ ਖਿਡਾਰੀਆਂ ਨੇ ਇਥੇ ਹੋ ਰਹੀਆਂ ਜ਼ਿਲ੍ਹਾ ਪੱਧਰੀ ਖੇਡਾਂ ਵਤਨ ਪੰਜਾਬ ਦੀਆਂ ਖੇਡਾਂ ਦੌਰਾਨ ਹੋ ਰਹੇ ਵੱਖ ਵੱਖ ਖੇਡ ਮੁਕਾਬਲਿਆਂ ਵਿੱਚ ਮੱਲਾਂ ਮਾਰੀਆਂ। ਸਕੂਲ ਦੀ ਅੰਡਰ -17 ਸਾਲ ਉਮਰ ਵਰਗ ਦੀ ਕ੍ਰਿਕਟ ਟੀਮ ਨੇ ਜ਼ੋਨ ਸਾਦਤਪੁਰ ਦੀ ਨੁਮਾਇੰਦਗੀ ਕਰਦਿਆਂ ਜ਼ੋਨ ਅਮਰਗੜ੍ਹ ਅਤੇ ਭੋਗੀਵਾਲ ਦੀਆਂ ਟੀਮਾਂ ਨੂੰ ਹਰਾਇਆ। ਸਕੂਲ ਦੇ ਹੋਣਹਾਰ ਕ੍ਰਿਕਟ ਖਿਡਾਰੀ ਤੇ ਟੀਮ ਕਪਤਾਨ ਪ੍ਰਭਰਾਜਵੀਰ ਸਿੰਘ ਨੇ ਟੂਰਨਾਮੇਂਟ ਦੌਰਾਨ ਵਧੀਆਂ ਖੇਡ ਪ੍ਰਦਰਸ਼ਨ ਕੀਤਾ। ਸਕੂਲ ਦੇ ਕਰਾਟੇ ਤੇ ਕਿਕ ਬਾਕਸਿੰਗ ਦੇ ਖਿਡਾਰੀਆਂ ਨੇ ਵੱਖ ਵੱਖ ਗਰੁੱਪਾਂ ‘ਚ ਪਹਿਲਾ ਸਥਾਨ ਪ੍ਰਾਪਤ ਕੀਤਾ। ਜੇਤੂ ਖਿਡਾਰੀਆਂ ਦੇ ਸਕੂਲ ਪੁੱਜਣ ’ਤੇ ਸਕੂਲ ਪ੍ਰਿੰਸੀਪਲ ਪਰਮਿੰਦਰ ਕੌਰ ਗਰੇਵਾਲ ਨੇ ਖਿਡਾਰੀਆਂ,ਉਨ੍ਹਾਂ ਦੇ ਮਾਪਿਆਂ ,ਸਕੂਲ ਖੇਡ ਵਿਭਾਗ ਦੇ ਮੁਖੀ ਮੁਹੰਮਦ ਬਿਲਾਲ ਅਤੇ ਹਰਮੀਤ ਕੌਰ ਨੂੰ ਮੁਬਾਰਕਵਾਦ ਦਿੱਤੀ।
ਲਹਿਰਾਗਾਗਾ (ਪੱਤਰ ਪ੍ਰੇਰਕ): ਗਤਕਾ ਜ਼ਿਲ੍ਹਾ ਪੱਧਰ ਦੇ ਮੁਕਾਬਲੇ ਮਸਤੂਆਣਾ ਸਾਹਿਬ ਵਿੱਚ ਹੋਏ। ਇਸ ਵਿਚ ਅੰਡਰ-17 ਤੇ ਅੰਡਰ -19 ਦੋਵੇਂ ਪੱਧਰ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਹਿਲ ਕਲਾਂ ਦੀਆਂ ਵਿਦਿਆਰਥਣਾਂ ਨੇ ਜ਼ੋਨ ਲਹਿਲ ਕਲਾਂ ਵੱਲੋਂ ਖੇਡਦੇ ਹੋਏ ਗੋਲਡ ਮੈਡਲ ਪ੍ਰਾਪਤ ਕੀਤਾ । ਇਸ ਜਿੱਤ ਦੀ ਖੁਸ਼ੀ ਤੇ ਸਕੂਲ ਇੰਚਾਰਜ ਦਲਜੀਤ ਕੌਰ ,ਪ੍ਰਿੰਸੀਪਲ ਜਗਦੀਸ਼ ਸਿੰਘ ਨੇ ਬੱਚਿਆਂ ਨੂੰ ਵਧਾਈ ਦਿੱਤੀ। ਉਧਰ ਸਰਕਾਰੀ ਹਾਈ ਸਕੂਲ ਖੰਡੇਬਾਦ ਦੇ ਵਿਦਿਆਰਥੀਆਂ ਗੁਰਪਿਆਰ ਸਿੰਘ ਦਸਵੀਂ ਜਮਾਤ ਅਤੇ ਨਵਜੋਤ ਸਿੰਘ ਦਸਵੀਂ ਜਮਾਤ ਗੋਲਡ ਮੈਡਲ ਜਿੱਤੇ ।
ਭਵਾਨੀਗੜ੍ਹ (ਪੱਤਰ ਪ੍ਰੇਰਕ): ਪੰਜਾਬ ਸਰਕਾਰ ਵੱਲੋਂ ‘ਖੇਡਾਂ ਵਤਨ ਪੰਜਾਬ’ ਦੀਆਂ ਤਹਿਤ ਬਲਾਕ ਭਵਾਨੀਗੜ੍ਹ ਦੇ ਖੇਡ ਮੁਕਾਬਲਿਆਂ ਵਿੱਚ ਗੁਰੂ ਤੇਗ ਬਹਾਦੁਰ ਕਾਲਜ ਭਵਾਨੀਗੜ੍ਹ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ। ਪ੍ਰਿੰਸੀਪਲ ਪਦਮਪ੍ਰੀਤ ਕੌਰ ਨੇ ਦੱਸਿਆ ਕਿ ਲੜਕੀਆਂ ਦੇ 21 ਤੋਂ 40 ਸਾਲ ਵਰਗ ਵਿੱਚ ਵਿਦਿਆਰਥਣ ਹਰਪ੍ਰੀਤ ਕੌਰ ਨੇ 400 ਮੀਟਰ ਦੌੜ ਵਿੱਚ ਪਹਿਲਾ ਅਤੇ ਹਰਦੀਪ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ । ਅੰਡਰ 21 ਵਿਚ ਵਿਦਿਆਰਥਣ ਜਸਮੀਤ ਕੌਰ ਨੇ 400 ਮੀਟਰ ਵਿੱਚ ਪਹਿਲਾ ਅਤੇ ਜੋਤਪ੍ਰੀਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਲੜਕਿਆਂ ਦੇ 800 ਮੀਟਰ ਮੁਕਾਬਲੇ ਵਿੱਚ ਸੁਖਦੀਪ ਸਿੰਘ ਨੇ ਪਹਿਲਾ ਅਤੇ ਬਿੱਕਰ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਵਿਦਿਆਰਥੀ ਸੁਖਦੀਪ ਸਿੰਘ ਵੱਲੋਂ 1500 ਮੀਟਰ ਦੌੜ ਵਿੱਚ ਦੂਜਾ ਸਥਾਨ ਹਾਸਲ ਕੀਤਾ । ਕਾਲਜ ਦੇ ਵਿਦਿਆਰਥੀਆਂ ਨੇ ਰੱਸਾਕਸ਼ੀ ਮੁਕਾਬਲੇ ਵਿੱਚ ਦੂਜਾ ਸਥਾਨ ਹਾਸਲ ਕੀਤਾ।
ਪੰਜ ਖਿਡਾਰੀਆਂ ਨੇ ਰਾਜ ਪੱਧਰੀ ਖੇਡਾਂ ਲਈ ਥਾਂ ਪੱਕੀ ਕੀਤੀ
ਚੀਮਾ ਮੰਡੀ (ਪੱਤਰ ਪ੍ਰੇਰਕ): ਅਕਾਲ ਅਕੈਡਮੀ ਚੀਮਾ ਦੇ ਵਿਦਿਆਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਈਆਂ ਜਾ ਰਹੀਆਂ ਵੱਖ-ਵੱਖ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ 5 ਖਿਡਾਰੀਆਂ ਨੇ ਰਾਜ ਪੱਧਰੀ ਖੇਡਾਂ ਲਈ ਆਪਣੀ ਥਾਂ ਪੱਕੀ ਕਰ ਲਈ ਹੈ। ਪ੍ਰਿੰਸੀਪਲ ਸੁਦਰਪਨ ਅਤੇ ਪ੍ਰਿੰਸੀਪਲ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਮਸਤੂਆਣਾ ਸਾਹਿਬ ਵਿੱਚ ਹੋਈਆਂ ਜ਼ਿਲ੍ਹਾ ਪੱਧਰੀ 14, 17 ਅਤੇ 19 ਵਰਗ ਦੇ ਕੁੜੀਆਂ ਦੇ ਫੁਟਬਾਲ ਮੁਕਾਬਲਿਆਂ ਵਿੱਚ ਜਿੱਤ ਪ੍ਰਾਪਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਅਕਾਲ ਅਕੈਡਮੀ ਦੇ ਖਿਡਾਰੀਆਂ ਨੇ ਇਨ੍ਹਾਂ ਖੇਡਾਂ ਵਿੱਚ 37 ਕਾਂਸੀ ਦੇ ਮੈਡਲ ਪ੍ਰਾਪਤ ਕੀਤੇ। ਇਸ ਮੌਕੇ ਉਨ੍ਹਾਂ ਨੇ ਡੀਪੀ.ਪਰਗਟ ਸਿੰਘ,ਖਿਡਾਰੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਅਧਿਆਪਕ ਕਰਮਜੀਤ ਕੌਰ, ਪਰਵੇਜ਼, ਸ਼ਰਨਜੀਤ ਕੌਰ, ਅਮਨਦੀਪ ਕੌਰ ਹਾਜ਼ਰ ਸਨ।
ਤਗ਼ਮਾ ਜੇਤੂ ਖਿਡਾਰਨ ਦਾ ਸਨਮਾਨ
ਮੂਨਕ (ਪੱਤਰ ਪ੍ਰੇਰਕ): ਬੀਤੇ ਦਿਨੀਂ ਸਮਾਪਤ ਹੋਈ 33ਵੀ ਨਾਰਥ ਜ਼ੋਨ ਜੂਨੀਅਰ ਨੈਸ਼ਨਲ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ‘ਰਾਧਿਕਾ ਫਿਟਨੈਸ ਕਲੱਬ ਮੂਨਕ’ ਦੀ ਹੋਣਹਾਰ ਖਿਡਾਰਨ ਮਨਜੋਤ ਕੌਰ ਸੈਣੀ ਨੇ ਪੰਜਾਬ ਦੀ ਪ੍ਰਤੀਨਿਧਤਾ ਕਰਦਿਆਂ ਭਾਰਤ ਭਰ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ। ਖਿਡਾਰਨ ਨੇ 600 ਮੀਟਰ ਦੌੜ ਵਿੱਚ ਕਾਂਸੀ ਦਾ ਮੈਡਲ ਜਿੱਤਿਆ। ਅੱਜ ਇੱਥੇ ਸ਼ਹਿਰ ਪਰਤਣ ’ਤੇ ਇੱਥੋਂ ਦੇ ਵਾਸੀਆਂ ਨੇ ਮਨਜੋਤ ਦਾ ਨਿੱਘਾ ਸਵਾਗਤ ਕੀਤਾ।