ਪੱਤਰ ਪ੍ਰੇਰਕ
ਸ਼ੇਰਪੁਰ, 2 ਅਗਸਤ
ਮਾਹਮਦਪੁਰ ’ਚ ਟਾਵਰ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਵਾਲੇ ਨੌਜਵਾਨ ਬਲਵੀਰ ਸਿੰਘ ਬੀਰਾ ਦੀ ਲਾਸ਼ ਨੂੰ ਸ਼ੇਰਪੁਰ ਦੇ ਕਾਤਰੋਂ ਚੌਕ ’ਚ ਰੱਖ ਕੇ ਸ਼ੁਰੂ ਕੀਤਾ ਗਿਆ ਧਰਨਾ ਬੀਤੀ ਰਾਤ ਤਕਰੀਬਨ 11 ਵਜੇ ਪੁਲੀਸ ਵੱਲੋਂ ਛੇਤੀ ਹੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਕਰ ਲੈਣ ਦੇ ਭਰੋਸੇ ਮਗਰੋਂ ਚੁੱਕ ਲਿਆ ਪਰ ਅੱਜ ਦੂਜੇ ਦਿਨ ਵੀ ਨਾ ਤਾਂ ਮਰਹੂਮ ਨੌਜਵਾਨ ਦਾ ਪੋਸਟਮਾਰਟਮ ਹੋਇਆ ਅਤੇ ਨਾ ਹੀ ਸਸਕਾਰ ਹੋ ਸਕਿਆ। ਯਾਦ ਰਹੇ ਕਿ ਪਿੰਡ ਮਾਹਮਦਪੁਰ ’ਚ ਸਥਾਪਿਤ ਦੋ ਧੜਿਆਂ ਦੀ ਧੜੇਬੰਦੀ ਦੇ ਚਲਦਿਆਂ ਬੀਰਾ ਨੇ 31 ਜੁਲਾਈ ਦੀ ਰਾਤ ਪਿੰਡ ਦੇ ਟਾਵਰ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ। ਇਸ ਵਿੱਚ ਪਿੰਡ ਦੇ ਦੋ ਸਾਬਕਾ ਸਰਪੰਚਾਂ ਸਣੇ 7 ਜਾਣਿਆਂ ’ਤੇ ਪੁਲੀਸ ਨੇ ਪਰਚਾ ਦਰਜ ਕੀਤਾ ਸੀ ਪਰ ਪੀੜਤ ਪਰਿਵਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਬੀਤੀ ਦੇਰ ਰਾਤ ਤੱਕ ਧਰਨੇ ’ਤੇ ਡਟਿਆ ਹੋਇਆ ਸੀ। ਮਰਹੂਮ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਧੂਰੀ ਵਿੱਚ ਰੱਖਿਆ ਹੋਇਆ ਹੈ। ਪਰਿਵਾਰਕ ਸੂਤਰਾਂ ਅਨੁਸਾਰ ਰਿਸ਼ਤੇਦਾਰ ਦੇ ਵਿਦੇਸ਼ੋਂ ਆਉਣਾ ਕਰਕੇ 3 ਅਗਸਤ ਨੂੰ ਪੋਸਟਮਾਰਟਮ ਉਪਰੰਤ ਸਸਕਾਰ ਕਰ ਦਿੱਤਾ ਜਾਵੇਗਾ।