ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 15 ਮਾਰਚ
ਇੱਥੇ 17 ਮਾਰਚ ਨੂੰ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਵੱਲੋਂ ਪਿੰਡ ਮਹਿਲਾਂ ਚੌਕ ਵਿੱਚ ਕੀਤੀ ਜਾਣ ਵਾਲੀ ਕਿਰਤੀ ਪੰਚਾਇਤ ਦੀ ਲਾਮਬੰਦੀ ਦੇ ਮੱਦੇਨਜ਼ਰ ਪਿੰਡ ਖਡਿਆਲ ਵਿੱਚ ਰੈਲੀ ਕੀਤੀ ਗਈ ਅਤੇ ਪੀਪਲਜ਼ ਥੀਏਟਰ ਲਹਿਰਾਗਾਗਾ ਦੀ ਟੀਮ ਵੱਲੋਂ ਨਾਟਕ ‘ਮੈਂ ਨਰਕ ਚੋਂ ਬੋਲਦਾਂ’ ਪੇਸ਼ ਕੀਤਾ ਗਿਆ। ਇਸ ਮੌਕੇ ਜਥੇਬੰਦੀ ਦੇ ਸੂਬਾ ਆਗੂ ਧਰਮਪਾਲ ਨੇ ਕਿਹਾ ਕਿ 1947 ਤੋਂ ਬਾਅਦ ਦੀ ਵਿਵਸਥਾ ਅੰਦਰ ਪੈਦਾਵਾਰੀ ਸਾਧਨਾਂ ਦੀ ਕਾਣੀ ਵੰਡ, ਜਾਤੀ ਪਾਤੀ ਵਿਵਸਥਾ, ਕਿਰਤੀਆਂ ਦਾ ਸੋਸ਼ਨ ਉਸੇ ਤਰ੍ਹਾਂ ਬਰਕਰਾਰ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਤਾਂ ਫਾਸ਼ੀਵਾਦੀ ਮੋਦੀ ਹਕੂਮਤ ਨੇ ਆਮ ਲੋਕਾਈ ਦੀ ਹਾਲਤ ਬਦ ਤੋਂ ਬਦਤਰ ਕਰ ਦਿੱਤੀ ਹੈ।ਤਿੰਨ ਖੇਤੀ ਵਿਰੋਧੀ ਕਾਨੂੰਨ ਅਤੇ ਕਿਰਤ ਕਾਨੂੰਨ ਵਿਚ ਕੀਤੀਆਂ ਸੋਧਾਂ ਸਮੁੱਚੀ ਲੋਕਾਈ ਲਈ ਖਤਰਾ ਹਨ।ਜ਼ਿਲ੍ਹਾ ਆਗੂ ਮੇਘ ਸਿੰਘ ਅਤੇ ਜੈਲੀ ਸਿੰਘ ਨੇ ਜਥੇਬੰਦੀ ਵੱਲੋਂ ਕਿਰਤੀਆਂ ਦੇ ਹੱਕਾਂ ਲਈ ਮੰਗੀਆਂ ਜਾਣ ਵਾਲੀਆਂ ਮੰਗਾਂ ਉਠਾਈਆਂ।