ਦੇਵੀਗੜ੍ਹ: ਗਰੀਬ ਤਾਂ ਪਹਿਲਾਂ ਹੀ ਤਰ੍ਹਾਂ ਤਰ੍ਹਾਂ ਦੇ ਖਰਚਿਆਂ ਤੋਂ ਆਪਣੀ ਜ਼ਿੰਦਗੀ ਬੜੀ ਮੁਸ਼ਕਲ ਨਾਲ ਕੱਟ ਰਿਹਾ ਹੈ ਅਤੇ ਜੇ ਉਸ ਉਪਰ ਮੁਆਫ ਹੋਏ ਬਿਜਲੀ ਦੇ ਬਿੱਲ ਦਾ 1,13,490 ਰੁਪਏ ਬਿੱਲ ਆ ਜਾਵੇ ਤਾਂ ਉਹ ਗਰੀਬ ਕਿੱਥੇ ਜਾਵੇਗਾ। ਅਜਿਹੀ ਹੀ ਬਿਜਲੀ ਦੇ ਬਿੱਲ ਦੀ ਮਿਸਾਲ ਮਿਲੀ ਹੈ, ਪਿੰਡ ਬਿੰਜਲ ਦੇ ਗਰੀਬ ਵਿਅਕਤੀ ਬੀਰਾ ਰਾਮ ਪੁੱਤਰ ਸੋਹਣ ਰਾਮ ਦੀ, ਜਿਸ ਦੇ ਘਰ ਦਾ ਬਿਜਲੀ ਦਾ ਬਿੱਲ ਇਸ ਮਹੀਨੇ ਦਾ 1,13, 490 ਰੁਪਏ ਦਾ ਆ ਗਿਆ ਹੈ, ਜਿਸ ਨੂੰ ਵੇਖ ਕੇ ਉਸ ਦੇ ਹੋਸ਼ ਉੱਡ ਗਏ। ਬੀਰਾ ਰਾਮ ਨੇ ਦੱਸਿਆ ਕਿ ਉਸ ਦੇ ਘਰ ਦੋ ਬਲਬ, ਦੋ ਪੱਖੇ ਅਤੇ ਕੁਝ ਹੋਰ ਵਸਤਾਂ ਬਿਜਲੀ ’ਤੇ ਚੱਲਦੀਆਂ ਹਨ। ਬੀਰਾ ਰਾਮ ਦਾ ਬਿਜਲੀ ਮਹਿਕਮੇ ਵਲੋਂ ਮਹੀਨੇ ਦੇ 200 ਯੂਨਿਟ ਬਿਜਲੀ ਮੁਆਫ ਵੀ ਹੈ ਪਰ ਫਿਰ ਵੀ ਇਸ ਵਾਰ ਉਸ ਦਾ ਬਿਜਲੀ ਦਾ ਬਿੱਲ 1,13,490 ਰੁਪਏ ਆ ਗਿਆ ਹੈ। ਜਿਸ ਕਾਰਨ ਉਹ ਬਹੁਤ ਫਿਕਰ ਵਿੱਚ ਡੁੱਬਿਆ ਹੋਇਆ ਹੈ। ਉਸ ਨੇ ਦੱਸਿਆ ਕਿ ੳਸ ਦਾ ਬਿਜਲੀ ਦਾ ਬਿੱਲ ਮਸਾਂ 40-50 ਰੁਪਏ ਮੁਆਫੀ ਕੱਟ ਕੇ ਆਉਂਦਾ ਰਿਹਾ ਹੈ ਪਰ ਇਸ ਵਾਰ ਐਨਾ ਬਿੱਲ ਵੇਖ ਕੇ ਉਹ ਹੈਰਾਨ ਹੈ। ੳਸ ਨੇ ਪਾਵਰਕੌਮ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਸ ਦਾ ਬਿਜਲੀ ਦਾ ਬਿੱਲ ਠੀਕ ਕਕਰੇ ਭੇਜਿਆ ਜਾਵੇ ਤਾਂ ਕਿ ਉਹ ਉਸ ਨੂੰ ਭਰ ਸਕੇ। -ਪੱਤਰ ਪ੍ਰੇਰਕ