ਗੁਰਦੀਪ ਸਿੰਘ ਲਾਲੀ
ਸੰਗਰੂਰ, 28 ਫਰਵਰੀ
ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੀ ਜ਼ਿਲ੍ਹਾ ਇਕਾਈ ਵਲੋਂ ਅੱਜ 31ਵੀਂ ਵਜ਼ੀਫ਼ਾ ਪ੍ਰੀਖਿਆ ਜ਼ਿਲ੍ਹੇ ਦੇ 13 ਵੱਖ-ਵੱਖ ਪ੍ਰੀਖਿਆ ਕੇਂਦਰਾਂ ਵਿਚ ਕਰਵਾਈ ਗਈ। ਇਹ ਪ੍ਰੀਖਿਆ ਪਗੜੀ ਸੰਭਾਲ ਜੱਟਾ ਲਹਿਰ ਤੇ ਮੌਜੂਦਾ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕੀਤੀ। ਪ੍ਰੀਖਿਆ ਕੇਂਦਰ ਸੰਗਰੂਰ ਦੇ ਮੁੱਖ ਪ੍ਰਬੰਧਕ ਮਾਸਟਰ ਪਰਮ ਵੇਦ ਤੇ ਕੇਂਦਰ ਸੁਪਰਡੈਂਟ ਸੁਖਦੇਵ ਸਿੰਘ ਕਿਸ਼ਨਗੜ੍ਹ ਨੇ ਪ੍ਰੀਖਿਆ ਕੇਂਦਰ ਸੰਗਰੂਰ ਬਾਰੇ ਦੱਸਿਆ ਕਿ ਵਜ਼ੀਫਾ ਪ੍ਰੀਖਿਆ ਦਾ ਕੇਂਦਰ ਆਦਰਸ਼ (ਮਾਡਲ) ਸੀਨੀਅਰ ਸੈਕੰਡਰੀ ਸਕੂਲ ਸੰਗਰੂਰ ਸੀ। ਪ੍ਰੀਖਿਆ ਕੇਂਦਰ ਨੂੰ ਚਾਰ ਮੁੱਖ ਭਾਗਾਂ ਪੰਜਵੀਂ, ਅਠਵੀਂ ,ਦਸਵੀਂ ਤੇ ਬਾਰ੍ਹਵੀਂ ਜਮਾਤਾਂ ਵਿੱਚ ਵੰਡਿਆ ਗਿਆ। ਉਨ੍ਹਾਂ ਦੱਸਿਆ ਕਿ ਪੰਜਵੀਂ ਦੇ 141, ਅੱਠਵੀਂ ਦੇ 172, ਦਸਵੀਂ ਦੇ 153 ਅਤੇ ਬਾਰ੍ਹਵੀਂ ਦੇ 70 ਪ੍ਰੀਖਿਆਰਥੀਆਂ ਸਣੇ ਸੰਗਰੂਰ ਪ੍ਰੀਖਿਆ ਕੇਂਦਰ ’ਚ 536 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ। ਡੀਟੀਐੱਫ਼ ਦੇ ਜ਼ਿਲ੍ਹਾ ਪ੍ਰਧਾਨ ਬਲਵੀਰ ਚੰਦ ਲੌਂਗੋਵਾਲ ਨੇ ਦੱਸਿਆ ਕਿ ਸਮੁੱਚੇ ਜ਼ਿਲ੍ਹੇ ਵਿਚ ਪੰਜਵੀਂ ਕਲਾਸ ਦੇ 1417, ਅੱਠਵੀਂ ਕਲਾਸ ਦੇ 1189, ਦਸਵੀਂ ਕਲਾਸ ਦੇ 1122 ਅਤੇ ਬਾਰ੍ਹਵੀਂ ਕਲਾਸ ਦੇ 349 ਵਿਦਿਆਰਥੀਆਂ ਸਮੇਤ ਕੁੱਲ 4077 ਵਿਦਿਆਰਥੀਆਂ ਨੇ ਪ੍ਰੀਖਿਆ ਵਿਚ ਭਾਗ ਲਿਆ।
ਲਹਿਰਾਗਾਗਾ (ਰਮੇਸ਼ ਭਾਰਦਵਾਜ): ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਜ਼ਿਲ੍ਹਾ ਸੰਗਰੂਰ ਦੇ 14 ਕੇਂਦਰਾਂ ਵਿਚ ਮੌਜੂਦਾ ਕਿਸਾਨੀ ਸੰਘਰਸ਼ ਅਤੇ ਪਗੜੀ ਸੰਭਾਲ ਜੱਟਾ ਲਹਿਰ ਨੂੰ ਸਮਰਪਿਤ 31ਵੀਂ ਵਜ਼ੀਫਾ ਪ੍ਰੀਖਿਆ ਕਰਵਾਈ ਗਈ। ਇਥੇ ਬਲਾਕ ਲਹਿਰਾਗਾਗਾ ਵੱਲੋਂ ਇਹ ਪ੍ਰੀਖਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਵਿੱਚ ਕਰਵਾਈ ਗਈ। ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਪਿਸ਼ੌਰ ਅਤੇ ਬਲਾਕ ਸਕੱਤਰ ਗੁਰਮੀਤ ਸੇਖੂਵਾਸ ਨੇ ਦੱਸਿਆ ਕਿ ਬਲਾਕ ਲਹਿਰਾਗਾਗਾ ਵਿਚੋਂ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਪੰਜਵੀਂ ਜਮਾਤ ਦੇ 202, ਅੱਠਵੀਂ ਦੇ 114 ਦਸਵੀਂ ਦੇ 118 ਅਤੇ ਬਾਰ੍ਹਵੀਂ ਜਮਾਤ ਦੇ 10 ਤੇ ਕੁੱਲ 443 ਬੱਚਿਆਂ ਨੇ ਪ੍ਰੀਖਿਆ ਵਿੱਚ ਭਾਗ ਲਿਆ।
ਦਿੜ੍ਹਬਾ ਮੰਡੀ (ਰਣਜੀਤ ਸਿੰਘ ਸ਼ੀਤਲ): ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ (ਜ਼ਿਲ੍ਹਾ ਸੰਗਰੂਰ) ਵੱਲੋਂ ਪਗੜੀ ਸੰਭਾਲ ਜੱਟਾ ਲਹਿਰ ਅਤੇ ਮੌਜੂਦਾ ਕਿਸਾਨੀ ਸੰਘਰਸ਼ ਨੂੰ ਸਮਰਪਿਤ 31ਵੀਂ ਡੀਟੀਐੱਫ ਵਜ਼ੀਫ਼ਾ ਪ੍ਰੀਖਿਆ 2021 (ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ) ਅੱਜ ਕਾਮਰੇਡ ਭੀਮ ਸਿੰਘ ਯਾਦਗਾਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਿੜ੍ਹਬਾ ਵਿੱਚ ਲਈ ਗਈ, ਜਿਸ ਵਿੱਚ 200 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ।
ਸੁਨਾਮ ਊਧਮ ਸਿੰਘ ਵਾਲਾ (ਬੀਰ ਇੰਦਰ ਸਿੰਘ ਬਨਭੌਰੀ): ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛਾਜਲੀ ਵਿੱਚ ਗੁਰਮੇਲ ਸਿੰਘ ਬਖਸ਼ੀਵਾਲਾ ਅਤੇ ਪ੍ਰੇਮ ਸਰੂਪ ਛਾਜਲੀ ਦੀ ਅਗਵਾਈ ਹੇਠ ਪੰਜਵੀਂ, ਅੱਠਵੀਂ, ਦਸਵੀਂ ਤੇ ਬਾਰਵੀਂ ਜਮਾਤਾਂ ਦੀ ਕਰਵਾਈ ਗਈ ਪ੍ਰੀਖਿਆ ਵਿਚ 667 ਵਿਦਿਆਰਥੀਆਂ ਨੇ ਭਾਗ ਲਿਆ। ਇਸ ਸਬੰਧੀ ਅਧਿਆਪਕਾਂ ਨੇ ਦੱਸਿਆ ਕਿ ਵਜ਼ੀਫਾ ਪ੍ਰੀਖਿਆ ਵਿਚ ਪੰਜਵੀ ਜਮਾਤ ਦੇ 167, ਅੱਠਵੀਂ ਦ 215, ਦਸਵੀਂ ਦੇ 185 ਅਤੇ ਬਾਰ੍ਹਵੀਂ ਦੇ 106 ਵਿਦਿਆਰਥੀਆਂ ਨੇ ਭਾਗ ਲਿਆ।
ਉਧਰ ਬਲਾਕ ਚੀਮਾ ਵੱਲੋਂ ਇਹ ਪ੍ਰੀਖਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੌਂਗੋਵਾਲ (ਲੜਕੇ) ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੱਡਰੀਆਂ ਵਿੱਚ ਕਰਵਾਈ ਗਈ। ਬਲਾਕ ਪ੍ਰਧਾਨ ਪਰਵਿੰਦਰ ਸਿੰਘ ਢੀਂਡਸਾ ਨੇ ਦੱਸਿਆ ਕਿ ਬਲਾਕ ਚੀਮਾ ਵਿਚੋਂ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਪੰਜਵੀਂ ਜਮਾਤ ਦੇ 183, ਅੱਠਵੀਂ ਦੇ 150 ਦਸਵੀਂ ਦੇ 192 ਅਤੇ ਬਾਰ੍ਹਵੀਂ ਜਮਾਤ ਦੇ 53 ਕੁੱਲ 575 ਬੱਚਿਆਂ ਨੇ ਭਾਗ ਲਿਆ।