ਚੀਮਾ ਮੰਡੀ: ਪਿੰਡ ਸਤੌਜ ਦੇ ਮਗਨਰੇਗਾ ਵਰਕਰਾਂ ਦੀ ਆਗੂ ਜਸਵੀਰ ਕੌਰ ਅਤੇ ਬਲਜੀਤ ਕੌਰ ਨੇ ਪਿੰਡ ਸਤੌਜ ਵਿੱਚ ਮਨਰੇਗਾ ਵਿੱਚ ਕੀਤੇ ਗਏ ਕੰਮਾਂ ਦੀ ਪੜਤਾਲ ਤੇ ਕਥਿਤ ਦੋਸ਼ੀ ਮਿਲਣ ਵਾਲੇ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਮਗਨਰੇਗਾ ਵਰਕਰਾਂ ਨੂੰ ਨਿਯੁਕਤੀ ਪੱਤਰ ਨਹੀਂ ਦਿੱਤੇ ਗਏ ਤੇ ਨਾ ਹੀ ਮਸਟਰੋਲ ’ਤੇ ਹਾਜ਼ਰੀ ਲਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸੁਨਾਮ ਬਲਾਕ ਵਿੱਚ ਲਿਖਤੀ ਕੰਮ ਮੰਗਣ ਵਾਲਿਆਂ ਨੂੰ ਕੰਮ ਨਹੀਂ ਦਿੱਤਾ ਜਾਂਦਾ ਤੇ ਵਰਕਰਾਂ ਨੂੰ ਨਿਯੁਕਤੀ ਪੱਤਰ ਨਹੀਂ ਦਿੱਤੇ ਜਾਂਦੇ। ਕਾਨੂੰਨ ਮੁਤਾਬਕ 14 ਦਿਨਾਂ ਤੋਂ ਘੱਟ ਨਾ ਕੰਮ ਮੰਗਿਆ ਜਾ ਸਕਦਾ ਹੈ ਤੇ ਨਾ ਹੀ ਦਿੱਤਾ ਜਾ ਸਕਦਾ ਹੈ, ਪਰ ਕਾਨੂੰਨ ਦੇ ਉਲਟ ਛੇ ਦਿਨ ਦੀ ਹੀ ਸ਼ਿਫਟ ਲਾਈ ਜਾ ਰਹੀ ਹੈ। -ਪੱਤਰ ਪ੍ਰੇਰਕ