ਗੁਰਦੀਪ ਸਿੰਘ ਲਾਲੀ
ਸੰਗਰੂਰ, 8 ਅਕਤੂਬਰ
ਸੰਗਰੂਰ ’ਚ ਦਸ ਰੋਜ਼ਾ ਖੇਤਰੀ ਸਰਸ ਮੇਲਾ ਅੱਜ ਵੱਖ-ਵੱਖ ਰਵਾਇਤੀ ਲੋਕ ਨਾਚਾਂ ਦੀਆਂ ਮਨਮੋਹਕ ਧੁਨਾਂ ਦੀ ਗੂੰਜ, ਖੁਸ਼ੀਆਂ ਖੇੜਿਆਂ ਅਤੇ ਦਰਸ਼ਕਾਂ ਦੇ ਉਤਸ਼ਾਹ ਨਾਲ ਸ਼ੁਰੂ ਹੋ ਗਿਆ। ਮੇਲੇ ’ਚ ਦੇਸ਼ ਦੇ ਵੱਖ ਵੱਖ ਰਾਜਾਂ ਦੇ ਕਲਾਕਾਰ ਆਪਣੇ ਰਵਾਇਤੀ ਨਾਚਾਂ, ਸ਼ਿਲਪਕਾਰ ਤੇ ਦਸਤਕਾਰ ਆਪਣੇ ਬਿਹਤਰੀਨ ਹੁਨਰ ਅਤੇ ਪਕਵਾਨ ਬਣਾਉਣ ਦੇ ਮਾਹਿਰ ਆਪਣੇ ਸਾਜ਼ੋ-ਸਾਮਾਨ ਸਮੇਤ 17 ਅਕਤੂਬਰ ਤੱਕ ਆਪਣੀ ਪ੍ਰਤਿਭਾ ਨਾਲ ਲੋਕਾਂ ਦਾ ਮਨ ਆਕਰਸ਼ਿਤ ਕਰਨਗੇ। ਮੇਲੇ ਦੇ ਉਦਘਾਟਨੀ ਸਮਾਗਮ ਵਿੱਚ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ, ਉਨ੍ਹਾਂ ਦੀ ਪਤਨੀ ਪ੍ਰਤਿਭਾ ਜੋਰਵਾਲ, ਐੱਸਐੱਸਪੀ ਮਨਦੀਪ ਸਿੰਘ ਸਿੱਧੂ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਵਰਜੀਤ ਵਾਲੀਆ, ਐੱਸਡੀਐਮ ਨਵਰੀਤ ਕੌਰ ਸੇਖੋਂ ਸਮੇਤ ਹੋਰ ਉੱਚ ਪ੍ਰਸ਼ਾਸਨਿਕ ਤੇ ਪੁਲੀਸ ਅਧਿਕਾਰੀ ਸ਼ਾਮਲ ਹੋਏ। ਉਨ੍ਹਾਂ ਵੱਲੋਂ ਵਿਸ਼ੇਸ਼ ਤੌਰ ’ਤੇ ਤਿਆਰ ਕੀਤੇ ਗਏ ਸੈਲਫ਼ੀ ਪੁਆਇੰਟ ‘ਸਰਸ ਮੇਲਾ’ ਅਤੇ ‘ਆਪਣਾ ਸੰਗਰੂਰ’ ਦੇ ਸਾਹਮਣੇ ਉਤਸ਼ਾਹ ਨਾਲ ਵੱਖ ਵੱਖ ਵਿਦਿਅਕ ਅਦਾਰਿਆਂ ਤੋਂ ਆਏ ਵਿਦਿਆਰਥੀਆਂ ਨਾਲ ਯਾਦਗਾਰੀ ਤਸਵੀਰਾਂ ਖਿਚਵਾਈਆਂ ਗਈਆਂ।
ਇਸ ਦੌਰਾਨ ਅੱਜ ਸਰਕਾਰੀ ਰਣਬੀਰ ਕਾਲਜ ਦੇ ਖੁੱਲ੍ਹੇ ਵਿਹੜੇ ਵਿੱਚ ਰੰਗ ਬਿਰੰਗੀਆਂ ਲੜੀਆਂ, ਕਾਰੀਗਰਾਂ ਵੱਲੋਂ ਤਿਆਰ ਕੀਤਾ ਗਿਆ ਸਾਮਾਨ, 200 ਤੋਂ ਵੱਧ ਸਟਾਲਾਂ ’ਤੇ ਵੱਖ-ਵੱਖ ਰਾਜਾਂ ਦੇ ਹੁਨਰਮੰਦਾਂ ਵੱਲੋਂ ਪ੍ਰਦਰਸ਼ਿਤ ਸਮਾਨ, ਗੀਤ-ਸੰਗੀਤ, ਰਵਾਇਤੀ ਪਹਿਰਾਵੇ, ਪਕਵਾਨ ਸਮੇਤ ਹੋਰ ਵੰਨਗੀਆਂ ਨੇ ਲੋਕਾਂ ਨੂੰ ਕੀਲ ਲਿਆ ਹੈ ਜਦਕਿ ਮੁਰਲੀ ਰਾਜਸਥਾਨੀ, ਕਾਲਬੇਲੀਆ, ਲੰਗਾਮੰਗਨੀ ਹਰ, ਗੁਜਰਾਤੀ ਨ੍ਰਿਤ, ਸਿੱਧੀ ਧਮਾਲ, ਹਰਿਆਣਵੀ ਜੋਗੀਆਂ ਦੀ ਬੀਨ, ਨਚਾਰ, ਰਾਜਸਥਾਨੀ ਨ੍ਰਿਤ ਸਮੇਤ ਹੋਰ ਰਵਾਇਤੀ ਲੋਕ ਵੰਨਗੀਆਂ ਨੇ ਲੋਕਾਂ ਦਾ ਮਨ ਮੋਹ ਲਿਆ। ਡੀਸੀ ਸ੍ਰੀ ਜੋਰਵਾਲ ਨੇ ਕਿਹਾ ਕਿ ਉੱਤਰੀ ਖੇਤਰ ਸਭਿਆਚਾਰਕ ਕੇਂਦਰ ਤੋਂ ਵੱਡੀ ਗਿਣਤੀ ਕਲਾਕਾਰ ਇਸ ਮੇਲੇ ਵਿੱਚ ਆਪਣੀਆਂ ਪੇਸ਼ਕਾਰੀਆਂ ਦੇਣਗੇ ਜਿਨ੍ਹਾਂ ਦੀ ਹੌਂਸਲਾ ਅਫ਼ਜਾਈ ਲਈ ਇੱਥੇ ਜ਼ਰੂਰ ਪੁੱਜਣਾ ਚਾਹੀਦਾ ਹੈ।