ਗੁਰਦੀਪ ਸਿੰਘ ਲਾਲੀ
ਸੰਗਰੂਰ, 31 ਮਾਰਚ
ਪੰਜਾਬ ਪੁਲੀਸ ਵਿਚ ਸਾਲ 2016 ਤੋਂ ਅਧੂਰੀ ਭਰਤੀ ਪ੍ਰਕਿਰਿਆ ਨੂੰ ਮੁਕੰਮਲ ਕਰਾਉਣ ਲਈ ਕਰੀਬ ਸੌ ਫੁੱਟ ਉੱਚੀ ਟੈਂਕੀ ’ਤੇ ਚੜ੍ਹੇ ਅੱਠ ਉਮੀਦਵਾਰਾਂ ’ਚੋਂ ਤੀਜੇ ਦਿਨ ਅੱਜ ਲੜਕੀ ਦੀ ਸਿਹਤ ਵਿਗੜ ਗਈ ਹੈ, ਜਦੋਂ ਕਿ ਦੂਜੀ ਲੜਕੀ ਦੀ ਸਿਹਤ ਮੁੱਖ ਮੰਤਰੀ ਦੀ ਕੋਠੀ ਅੱਗੇ ਧਰਨੇ ਦੌਰਾਨ ਵਿਗੜ ਗਈ ਹੈ। ਦੋਵਾਂ ਲੜਕੀਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਭਾਵੇਂ ਤਿੰਨ ਲੜਕੀਆਂ ਸਮੇਤ ਅੱਠ ਉਮੀਦਵਾਰ ਤੀਜੇ ਦਿਨ ਵੀ ਟੈਂਕੀ ਉਪਰ ਡਟੇ ਹੋਏ ਸਨ, ਜਦੋਂ ਕਿ ਬੀਤੀ ਰਾਤ ਬਾਕੀ ਪ੍ਰਦਰਸ਼ਨਕਾਰੀਆਂ ਨੇ ਧਰਨਾ ਦਿੱਲੀ-ਲੁਧਿਆਣਾ ਹਾਈਵੇਅ ਤੋਂ ਮੁੱਖ ਮੰਤਰੀ ਦੀ ਕੋਠੀ ਅੱਗੇ ਤਬਦੀਲ ਕਰ ਦਿੱਤਾ ਸੀ। ਟੈਂਕੀ ’ਤੇ ਚੜ੍ਹੇ ਅਤੇ ਮੁੱਖ ਮੰਤਰੀ ਦੀ ਕੋਠੀ ਅੱਗੇ ਡਟੇ ਪ੍ਰਦਰਸ਼ਨਕਾਰੀ ਮਸਲੇ ਦੇ ਹੱਲ ਲਈ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰਾਉਣ ਦੀ ਮੰਗ ਕਰ ਰਹੇ ਹਨ ਪਰ ਅਜੇ ਤੱਕ ਮੁੱਖ ਮੰਤਰੀ ਨਾਲ ਮੀਟਿੰਗ ਤੈਅ ਨਹੀਂ ਹੋਈ। ਭਾਵੇਂ ਕਿ ਕੱਲ੍ਹ ਸੰਗਰੂਰ ਪ੍ਰਸ਼ਾਸਨ ਵਲੋਂ ਪ੍ਰਦਰਸ਼ਨਕਾਰੀਆਂ ਦੇ ਪੰਜ ਆਗੂਆਂ ਨੂੰ ਚੰਡੀਗੜ੍ਹ ਮੀਟਿੰਗ ਕਰਾਉਣ ਲਈ ਲਿਜਾਇਆ ਗਿਆ ਸੀ, ਜਿਥੇ ਉਨ੍ਹਾਂ ਦੀ ਪੰਜਾਬ ਪੁਲੀਸ ਦੇ ਦੋ ਅਧਿਕਾਰੀਆਂ ਨਾਲ ਮੀਟਿੰਗ ਕਰਵਾਈ ਗਈ, ਜਿਸ ਤੋਂ ਉਹ ਸੰਤੁਸ਼ਟ ਨਹੀਂ ਹੋਏ ਅਤੇ ਬੀਤੀ ਰਾਤ ਹੀ ਸਥਾਨਕ ਪਟਿਆਲਾ ਰੋਡ ਸਥਿਤ ਡਰੀਮਲੈਂਡ ਕਲੋਨੀ ਵਿਖੇ ਸਥਿਤ ਭਗਵੰਤ ਮਾਨ ਦੀ ਕੋਠੀ ਨੇੜੇ ਰੋਸ ਧਰਨਾ ਸ਼ੁਰੂ ਕਰ ਦਿੱਤਾ ਸੀ।
ਪ੍ਰਦਰਸ਼ਕਾਰੀਆਂ ਦੇ ਪ੍ਰਮੁੱਖ ਆਗੂ ਜਗਦੀਪ ਸਿੰਘ ਨੇ ਦੱਸਿਆ ਕਿ ਅੱਜ ਮੁੱਖ ਮੰਤਰੀ ਦੀ ਕੋਠੀ ਅੱਗੇ ਰੋਸ ਧਰਨੇ ਦੌਰਾਨ ਮਨਜੀਤ ਕੌਰ ਦੀ ਸਿਹਤ ਵਿਗੜ ਗਈ ਹੈ, ਜਿਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਦੋਂ ਕਿ ਮਨਪ੍ਰੀਤ ਕੌਰ ਦੀ ਸਿਹਤ ਟੈਂਕੀ ਉਪਰ ਵਿਗੜ ਗਈ ਹੈ, ਜਿਸ ਨੂੰ ਵੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਤੇਜ਼ ਧੁੱਪ ਤੇ ਗਰਮੀ ਦੇ ਮੌਸਮ ਦੇ ਬਾਵਜੂਦ ਉਮੀਦਵਾਰ ਤੀਜੇ ਦਿਨ ਵੀ ਪਾਣੀ ਦੀ ਟੈਂਕੀ ਉਪਰ ਡਟੇ ਹੋਏ ਹਨ। ਜਗਦੀਪ ਸਿੰਘ ਨੇ ਕਿਹਾ ਕਿ ਉਹ ਸੰਨ 2016 ਤੋਂ ਪੰਜਾਬ ਪੁਲੀਸ ’ਚ ਭਰਤੀ ਮੁਕੰਮਲ ਹੋਣ ਦੀ ਉਡੀਕ ਕਰ ਰਹੇ ਹਨ ਅਤੇ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਨ।