ਬੀਰਬਲ ਰਿਸ਼ੀ
ਸ਼ੇਰਪੁਰ, 10 ਜੂਨ
ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਨੇ ਚੋਣ ਪ੍ਰਚਾਰ ਦੌਰਾਨ ਆਪਣੇ ਜੱਦੀ ਪਿੰਡ ਘਨੌਰੀ ਤੇ ਇਸ ਦੇ ਨਾਲ ਲਗਦੇ ਪਿੰਡਾਂ ਨਾਲ ਸਬੰਧਤ ਚੋਣਵੇਂ ਆਗੂਆਂ ਨਾਲ ਮੀਟਿੰਗ ਕੀਤੀ। ਯਾਦ ਰਹੇ ਕਿ ਘਨੌਰੀ ‘ਆਪ’ ਉਮੀਦਵਾਰ ਗੁਰਮੇਲ ਸਿੰਘ ਦੇ ਪਿਤਾ ਦਾ ਨਾਨਕਾ ਪਿੰਡ ਹੈ ਜਿੱਥੇ ਕਈ ਦਹਾਕੇ ਪਹਿਲਾਂ ਉਨ੍ਹਾਂ ਦੇ ਦਾਦਾ ਦਲੀਪ ਸਿੰਘ ਪਿੰਡ ਘਰਾਚੋਂ ਆ ਕੇ ਵੱਸੇ ਸਨ।
‘ਆਪ’ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਨੇ ਪਾਰਟੀ ਦੇ ਸੂਬਾਈ ਜਨਰਲ ਸਕੱਤਰ ਪਰਮਿੰਦਰ ਸਿੰਘ ਪੰਨੂ ਕਾਤਰੋਂ ਤੋਂ ਇਲਾਵਾ ਆਪਣੇ ਪੁਰਾਣੇ ਪਿੰਡ ਦੇ ਗਰਾਈਂ ਤੇ ਪਾਰਟੀ ਦੇ ਇਕਾਈ ਪ੍ਰਧਾਨ ਗੁਰਮੇਲ ਸਿੰਘ ਘਨੌਰੀ, ਅਮਨ ਖਾਨ, ਗੁਰਤੇਜ ਸਿੰਘ ਅਤੇ ਰੇਸ਼ਮ ਸਿੰਘ ਨਾਲ ਮੀਟਿੰਗ ਦੌਰਾਨ ਉਨ੍ਹਾਂ ਨੂੰ ਆਪਣੀ ਚੋਣ ਸਮਝ ਕੇ ਚੋਣ ਅਖਾੜੇ ਵਿੱਚ ਨਿੱਤਰਨ ਦਾ ਸੱਦਾ ਦਿੱਤਾ। ਮੀਟਿੰਗ ਮਗਰੋਂ ਉਮੀਦਵਾਰ ਸ੍ਰੀ ਘਰਾਚੋਂ ਨੇ ਕਿਹਾ ਕਿ ਸੰਗਰੂਰ ਲੋਕ ਸਭਾ ਹਲਕਾ ਆਮ ਆਦਮੀ ਪਾਰਟੀ ਦੀ ਸਿਆਸੀ ਰਾਜਧਾਨੀ ਹੈ ਜਿੱਥੋਂ ਪਾਰਟੀ ਦੀਆਂ ਲੱਗੀਆਂ ਜੜ੍ਹਾਂ ਪੂਰੇ ਪੰਜਾਬ ਤੱਕ ਫੈਲੀਆਂ।
ਸੰਦੌੜ (ਮੁਕੰਦ ਸਿੰਘ ਚੀਮਾ): ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਲਈ ‘ਆਪ’ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਨੇ ਸੰਦੌੜ ਸਰਕਲ ਦੇ ਕਈ ਪਿੰਡਾਂ ਧਲੇਰ ਕਲਾਂ, ਮਹੋਲੀ, ਕਲਿਆਣ, ਕੁਠਾਲਾ, ਸੇਰਗੜ੍ਹ ਚੀਮਾ ਆਦਿ ਵਿੱਚ ਚੋਣ ਪ੍ਰਚਾਰ ਕੀਤਾ ਅਤੇ ਲੋਕਾਂ ਤੋਂ ਸਮਰਥਨ ਦੀ ਮੰਗ ਕੀਤੀ। ਗੁਰਮੇਲ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਕਹਿਣੀ ਅਤੇ ਕਰਨੀ ਵਿੱਚ ਪੂਰਾ ਵਿਸ਼ਵਾਸ ਹੈ ਅਤੇ ਲੋਕ ‘ਆਪ’ ਸਰਕਾਰ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਹਨ।
ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੇ ਕਿਹਾ ਕਿ ਇਸ ਹਲਕੇ ਦੇ ਲੋਕਾਂ ਨੇ ਪਹਿਲਾਂ ਵੀ ਦੋ ਵਾਰ ਪਾਰਟੀ ਨੂੰ ਵੱਡਾ ਮਾਣ ਬਖਸ਼ਿਆ ਹੈ।