ਪੱਤਰ ਪ੍ਰੇਰਕ
ਮਸਤੂਆਣਾ ਸਾਹਿਬ, 14 ਅਪਰੈਲ
ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦਾ ਪਵਿੱਤਰ ਦਿਹਾੜਾ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਅਕਾਲ ਕਾਲਜ ਕੌਂਸਲ ਦੇ ਪ੍ਰਬੰਧ ਹੇਠ ਗੁ. ਗੁਰਸਾਗਰ ਸਾਹਿਬ, ਗੁ. ਅੰਗੀਠਾ ਸਾਹਿਬ, ਗੁ. ਮਾਤਾ ਭੋਲੀ ਜੀ, ਗੁ. ਸਿਧਾਣਾ ਸਾਹਿਬ, ਗੁ. ਝਿੜਾ ਸਾਹਿਬ ਕਾਝਲਾ, ਗੁ. ਅਕੋਈ ਸਾਹਿਬ ਅਤੇ ਹੋਰ ਵੱਖ-ਵੱਖ ਗੁਰੂ ਘਰਾਂ ਵਿਚ ਅੰਮ੍ਰਿਤ ਵੇਲੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਵਿਸਾਖੀ ਦੇ ਦਿਹਾੜੇ ਮੌਕੇ ਇਲਾਕੇ ਦੀਆਂ ਹਜ਼ਾਰਾਂ ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਪਵਿੱਤਰ ਸਰੋਵਰ ਵਿਖੇ ਇਸ਼ਨਾਨ ਕਰਨ ਉਪਰੰਤ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ। ਇਸ ਮੌਕੇ ਕਥਾਵਾਚਕਾਂ ਅਤੇ ਰਾਗੀ ਜਥਿਆਂ ਵੱਲੋਂ ਸੰਗਤਾਂ ਨੂੰ ਕਥਾ ਕੀਰਤਨ ਰਾਹੀ ਨਿਹਾਲ ਕੀਤਾ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਧਾਰਮਿਕ ਤੇ ਮੋਹਤਵਰ ਸ਼ਖ਼ਸੀਅਤਾਂ ਦਾ ਵਿਸ਼ੇਸ਼ ਤੌਰ ’ਤੇ ਸਿਰੋਪਾਓ ਨਾਲ ਸਨਮਾਨ ਵੀ ਕੀਤਾ ਗਿਆ।
ਦੇਵੀਗੜ੍ਹ (ਪੱਤਰ ਪ੍ਰੇਰਕ): ਇਥੋਂ ਦੇ ਅਪੋਲੋ ਪਬਲਿਕ ਸਕੂਲ ਵਿੱਚ ਵਿਸਾਖੀ ਧੂਮਧਾਮ ਨਾਲ ਮਨਾਈ ਗਈ। ਇਸ ਮੌਕੇ ਵਿਦਿਆਰਥੀਆਂ ਵੱਲੋਂ ਭਾਸ਼ਣ ਦਿੱਤਾ ਗਿਆ ਤੇ ਕੁੜੀਆਂ ਨੇ ਗਿੱਧਾ ਪੇਸ਼ ਕੀਤਾ। ਇਸ ਮੌਕੇ ਪ੍ਰਿੰਸੀਪਲ ਨੀਲਮ ਦਿਕਸ਼ਿਤ ਨੇ ਵਿਸਾਖੀ ਵਰਗੇ ਮਹੱਤਵਪੂਰਨ ਦਿਹਾੜੇ ਨੂੰ ਮਨਾਉਣ ਦੀ ਮਹੱਤਤਾ ਬਾਰੇ ਦੱਸਿਆ ਅਤੇ ਵਿਦਿਆਰਥੀਆਂ ਨੂੰ ਇਸ ਦਿਨ ਦੀ ਇਤਿਹਾਸਕ ਮਹੱਤਤਾ ਤੋਂ ਸਿੱਖਣ ਦੀ ਅਪੀਲ ਵੀ ਕੀਤੀ। ਉਥੇ ਹੀ ਨੇੜਲੇ ਪਿੰਡ ਅਕਬਰਪੁਰ ਅਫਗਾਨਾ ਦੇ ਟੈਗੋਰ ਇੰਟਰਨੈਸ਼ਨਲ ਸਕੂਲ ਵਿੱਚ ਵੀ ਵਿਸਾਖੀ ਅਤੇ ਭਗਵਾਨ ਮਹਾਵੀਰ ਜੈਅੰਤੀ ਮਨਾਈ ਗਈ।
ਰਾਜਪੁਰਾ (ਪੱਤਰ ਪ੍ਰੇਰਕ): ਰਾਜਪੁਰਾ ਅਤੇ ਘਨੌਰ ਖੇਤਰ ਵਿੱਚ ਖਾਲਸਾ ਸਾਜਨਾ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਧਾਰਮਿਕ ਸਮਾਗਮ ਕਰਕੇ ਮਨਾਇਆ ਗਿਆ। ਇਸ ਪਵਿੱਤਰ ਦਿਹਾੜੇ ’ਤੇ ਸ਼ਹਿਰੀ ਖੇਤਰ ਦੇ ਗੁਰਦੁਆਰਾ ਸਿੰਘ ਸਭਾ ਟਾਊਨ, ਗੁਰਦੁਆਰਾ ਪਾਤਸ਼ਾਹੀ ਨੌਵੀ ਮਹਿੰਦਰਗੰਜ, ਗੁਰਦੁਆਰਾ ਸੁਖਮਨੀ ਸੇਵਾ ਸੁਸਾਇਟੀ ਪੁਰਾਣੀ ਕਚਹਿਰੀ, ਪਚਰੰਗਾ ਚੌਕ, ਗੋਬਿੰਦ ਕਾਲੋਨੀ, ਗੁਰਦੁਆਰਾ ਸਿੰਘ ਸਭਾ ਗੁਲਾਬ ਨਗਰ, ਗੁਰਦੁਆਰਾ ਗੁਰੂ ਰਵਿਦਾਸ ਪੁਰਾਣਾ ਰਾਜਪੁਰਾ ਤੋਂ ਇਲਾਵਾ ਦਿਹਾਤੀ ਖੇਤਰ ਦੇ ਗੁਰਦੁਆਰਾ ਸਿੰਘ ਸ਼ਹੀਦਾ ਅਲੀਮਾਜਰਾ, ਹਰਪਾਲਪੁਰ, ਮਰਦਾਂਪੁਰ, ਸੈਦਖੇੜੀ, ਨਥਾਣਾ ਸਾਹਿਬ ਜੰਡ ਮੰਗੌਲੀ, ਘਨੌਰ ਸਮੇਤ ਹੋਰਨਾਂ ਗੁਰਦੁਆਰਿਆਂ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੁਆਏ ਗਏ। ਕਥਾ ਕੀਰਤਨ ਦਰਬਾਰ ਸਜਾਏ ਗਏ।
ਚੀਮਾ ਮੰਡੀ (ਪੱਤਰ ਪ੍ਰੇਰਕ): ਅਕਾਲ ਅਕੈਡਮੀ ਚੀਮਾ ਵਿੱਚ ਪ੍ਰਿੰਸੀਪਲ ਸੁਦਰਪਨ ਦੀ ਅਗਵਾਈ ਹੇਠ ਖਾਲਸਾ ਪੰਥ ਦੇ ਸਾਜਨਾ ਦਿਵਸ ਤੇ ਵਿਸਾਖੀ ਮੌਕੇ ਸਮਾਗਮ ਕਰਵਾਇਆ ਗਿਆ।
ਵਿਦਿਆਰਥਣਾਂ ਨੇ ਗਿੱਧਾ ਪਾ ਕੇ ਬੰਨ੍ਹਿਆ ਰੰਗ
ਲਹਿਰਾਗਾਗਾ (ਪੱਤਰ ਪ੍ਰੇਰਕ): ਇਥੇ ਗੁਰੂ ਤੇਗ ਬਹਾਦਰ ਕਾਲਜ ਆਫ਼ ਐਜੂਕੇਸ਼ਨ ਅਤੇ ਗੁਰੂ ਨਾਨਕ ਕਾਲਜ ਆਫ਼ ਐਜੂਕੇਸ਼ਨ ਫਾਰ ਵਿਮੈਨ ਲਹਿਲ ਖੁਰਦ ਵਿੱਚ ਵਿਸਾਖੀ ਦਾ ਤਿਉਹਾਰ ਪ੍ਰਿੰਸੀਪਲ ਡਾ. ਸੀਮਾ ਗਰਗ ਅਤੇ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਦੀ ਅਗਵਾਈ ਵਿੱਚ ਵਿਦਿਆਰਥਣਾਂ ਨੇ ਗਿੱਧਾ ਪਾ ਕੇ ਮਨਾਇਆ। ਇਸ ਮੌਕੇ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਰਾਜੇਸ਼ ਗਰਗ ਅਤੇ ਨਗਰ ਕੌਂਸਲ ਦੀ ਸਾਬਕਾ ਪ੍ਰਧਾਨ ਰਵੀਨਾ ਗਰਗ ਨੇ ਕਿਹਾ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਵਿਸਾਖੀ ਦਾ ਤਿਉਹਾਰ ਕਣਕ ਦੀ ਫਸਲ ਪੱਕਣ ਦੀ ਖੁਸ਼ੀ ਵਿਚ ਮਨਾਇਆ ਜਾਂਦਾ ਹੈ ਤੇ ਨਾਲ ਹੀ ਇਸ ਦਿਨ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਖ਼ਾਲਸਾ ਪੰਥ ਦੀ ਸਿਰਜਣਾ ਕੀਤੀ ਸੀ। ਇਸ ਮੌਕੇ ਮੈਨੇਜਮੈਂਟ ਮੈਂਬਰ ਪ੍ਰੋ. ਮੋਨਿਕਾ ਗਰਗ ਨੇ ਸੰਸਥਾ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਉਥੇ ਹੀ ਨੇੜਲੇ ਪਿੰਡ ਜਲੂਰ ਦੇ ਜੀਜੀਐੱਸ ਸਕੂਲ ਵਿੱਚ ਵੀ ਵਿਸਾਖੀ ਮਨਾਈ ਗਈ।