ਗੁਰਦੀਪ ਸਿੰਘ ਲਾਲੀ
ਸੰਗਰੂਰ, 4 ਸਤੰਬਰ
ਨੈਸ਼ਨਲ ਨਰਸਿੰਗ ਕਾਲਜ ਵਲੋਂ ਸਿਟੀਜ਼ਨ ਮੰਚ ਦੇ ਸਹਿਯੋਗ ਨਾਲ ਅਧਿਆਪਕ ਦਿਵਸ ਨੂੰ ਸਮਰਪਿਤ ਇੱਕ ਸਨਮਾਨ ਸਮਾਗਮ ਕਰਵਾਇਆ ਗਿਆ ਜਿਸ ਵਿਚ ਵੱਖ-ਵੱਖ ਸਿੱਖਿਆ ਸੰਸਥਾਵਾਂ ਨਾਲ ਸਬੰਧਤ 10 ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ’ਚ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਨਰਿੰਦਰ ਕੌਰ ਭਰਾਜ ਨੇ ਸਮਾਜ ਵਿਚ ਅਧਿਆਪਕਾਂ ਦੇ ਸਤਿਕਾਰ ਲਈ ਆਈ ਘਾਟ ਉੱਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸਮਾਜ ਨੂੰ ਸਹੀ ਸੇਧ ਦੇਣ ਅਤੇ ਬਿਹਤਰ ਸਮਾਜ ਦੀ ਸਿਰਜਣਾ ਲਈ ਅਧਿਆਪਕਾਂ ਦੀ ਵੱਡੀ ਭੂਮਿਕਾ ਹੁੰਦੀ ਹੈ ਜਿਸ ਲਈ ਅਧਿਆਪਕਾਂ ਨੂੰ ਬਣਦਾ ਸਤਿਕਾਰ ਦੇਣ ਦੀ ਲੋੜ ਹੈ। ਸਟੇਟ ਐਵਾਰਡੀ ਮੋਹਨ ਸ਼ਰਮਾ ਕਨਵੀਨਰ ਸਿਟੀਜ਼ਨ ਮੰਚ ਵਲੋਂ ਕੀਤੇ ਮੰਚ ਸੰਚਾਲਨ ਦੌਰਾਨ ਕਾਲਜ ਦੇ ਡਾਇਰੈਕਟਰ ਸ਼ਿਵ ਆਰੀਆ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਮੰਚ ਦੇ ਚੇਅਰਮੈਨ ਪਾਲਾ ਮੱਲ ਸਿੰਗਲਾ ਨੇ ਅਧਿਆਪਕ ਦਿਵਸ ਦੀ ਮਹੱਤਤਾ ਬਿਆਨ ਕਰਦਿਆਂ ਸਨਮਾਨਤ ਹੋਏ ਅਧਿਆਪਕਾਂ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ। ਸਨਮਾਨਿਤ ਅਧਿਆਪਕਾਂ ’ਚ ਡਾ. ਪਰਮਜੀਤ ਕੌਰ ਗਿੱਲ ਪ੍ਰਿੰਸੀਪਲ ਨੈਸ਼ਨਲ ਨਰਸਿੰਗ ਕਾਲਜ, ਰਾਜ ਲਕਸ਼ਮੀ ਲਾਲਾ ਲਾਜਪਤ ਰਾਏ ਆਰੀਆ ਕੰਨਿਆ ਸਕੂਲ, ਚਰਨਜੀਤ ਕੌਰ ਫਾਰਚੂਨ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਅਕੋਈ ਸਾਹਿਬ, ਰੀਟਾ ਰਾਣੀ ਸਪਰਿੰਗ ਡੇਲਜ਼ ਸੀਨੀਅਰ ਸੈਕੰਡਰੀ ਸਕੂਲ, ਬਲਵਿੰਦਰ ਕੌਰ ਬਾਬਾ ਸਾਹਿਬ ਦਾਸ ਸੀਨੀਅਰ ਸੈਕੰਡਰੀ ਸਕੂਲ, ਰੰਜਨਾ ਸ਼ਰਮਾ ਨੈਣਾ ਦੇਵੀ ਪਬਲਿਕ ਸਕੂਲ, ਨਿਰਮਲਜੀਤ ਸਿੰਘ ਖ਼ਾਲਸਾ ਕੰਨਿਆ ਹਾਈ ਸਕੂਲ, ਮਨਦੀਪ ਕੌਰ ਆਦਰਸ਼ ਸੀਨੀਅਰ ਸੈਕੰਡਰੀ ਸਕੂਲ, ਅਮਨਦੀਪ ਕੌਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਤੇ ਪ੍ਰਭਜੋਤ ਕੌਰ ਕੈਂਬਰਿਜ ਇੰਟਰ ਨੈਸ਼ਨਲ ਸਕੂਲ ਸੰਗਰੂਰ ਸ਼ਾਮਲ ਹਨ। ਸੰਸਥਾ ਦੇ ਡਾਇਰੈਕਟਰ ਸ਼ਿਵ ਆਰੀਆ ਵਲੋਂ ਸਨਮਾਨਿਤ ਸ਼ਖਸ਼ੀਅਤਾਂ ਨੂੰ ਮੁੁਬਾਰਕਬਾਦ ਦਿੰਦਿਆਂ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕਾਲਜ ਦੇ ਉਪ ਪ੍ਰਿੰਸੀਪਲ ਜੀ ਅਲੈਂਗੋ, ਕੇ.ਟੀ.ਰੋਇਲ ਦੇ ਡਾਇਰੈਕਟਰ ਕੇਵਲ ਸਿੰਘ ਤੂਰ, ਸਵਾਮੀ ਰਵਿੰਦਰ ਗੁਪਤਾ, ਸੁਰਿੰਦਰਪਾਲ ਸਿੰਘ ਸਿਦਕੀ, ਸ੍ਰੀਮਤੀ ਆਰਤੀ ਰਾਣੀ ਅਤੇ ਹੋਰ ਸ਼ਖਸੀਅਤਾਂ ਵੀ ਮੌਜੂਦ ਸਨ।