ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 1 ਸਤੰਬਰ
ਕੈਬਨਿਟ ਮੰਤਰੀ ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ ਅੱਜ ਇਥੇ ਆਪਣੇ ਦੋਸਤ ਅਰਸ਼ਦ ਡਾਲੀ ਨਾਲ ਚੜ੍ਹਦੇ ਪੰਜਾਬ ਦੀ ਇੱਕੋ -ਇੱਕ ਮੁਸਲਿਮ ਰਿਆਸਤ ਦੇ ਆਖ਼ਰੀ ਨਵਾਬ, ਮਰਹੂਮ ਨਵਾਬ ਇਫ਼ਤਖਾਰ ਅਲੀ ਖਾਂ ਦੀ ਆਖ਼ਰੀ ਬੇਗ਼ਮ, ਬੇਗ਼ਮ ਮੁਨੱਵਰ ਉਲ ਨਿਸ਼ਾ ਦਾ ਉਨ੍ਹਾਂ ਦੀ ਰਿਹਾਇਸ਼ ’ਤੇ ਹਾਲ-ਚਾਲ ਪੁੱਛਣ ਪੁੱਜੇ। ਸ੍ਰੀ ਰਾਣਾ ਸੋਢੀ ਨੇ ਬੇਗ਼ਮ ਮੁਨੱਵਰ ਉਲ ਹਸਨ ਨਾਲ ਕਰੀਬ ਇੱਕ ਘੰਟਾ ਗੱਲਬਾਤ ਕਰਦਿਆਂ ਉਨ੍ਹਾਂ ਦੀ ਸਿਹਤ ਅਤੇ ਹੋਰ ਲੋੜਾਂ ਸਬੰਧੀ ਜਾਣਕਾਰੀ ਹਾਸਲ ਕੀਤੀ।
ਇਸ ਮੌਕੇ ਕੈਬਿਨਟ ਮੰਤਰੀ ਸ੍ਰੀ ਸੋਢੀ ਨੇ ਸੰਗਰੂਰ ਦੇ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਤੇ ਐੱਸਡੀਐੱਮ ਵਿਕਰਮਜੀਤ ਸਿੰਘ ਪਾਂਥੇ ਨੂੰ ਬੇਗ਼ਮ ਸਾਹਿਬਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਦੇਣ ਅਤੇ ਉਨ੍ਹਾਂ ਦਾ ਖ਼ਿਆਲ ਰੱਖਣ ਲਈ ਕਿਹਾ। ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਸਿੰਘ ਨੇ ਬੇਗ਼ਮ ਮਨਵਰ ਉਲ ਨਿਸ਼ਾ ਦੀ ਖ਼ਸਤਾ ਹਾਲਤ ਰਿਹਾਇਸ਼ ਗਾਹ ਦਾ ਮੁਆਇਨਾ ਵੀ ਕੀਤਾ। ਇਸ ਮੌਕੇ ਉਨ੍ਹਾਂ ਜਨਾਬ ਅਰਸ਼ਦ ਡਾਲੀ ਤੋਂ ਇਲਾਵਾ ਐਸ ਪੀ ਗੁਰਪ੍ਰੀਤ ਕੌਰ, ਡੀਐੱਸਪੀ ਸੁਮਿਤ ਸੂਦ, ਬੇਗ਼ਮ ਸਾਹਿਬ ਦੇ ਪੀਏ ਮਹਿਮੂਦ ਅਤੇ ਯੂਥ ਕਾਂਗਰਸ ਆਗੂ ਸੁਐਬ ਅਹਿਮਦ ਸੇਬੀ ਹਾਜ਼ਰ ਸਨ।