ਗੁਰਦੀਪ ਸਿੰਘ ਲਾਲੀ
ਸੰਗਰੂਰ, 22 ਜਨਵਰੀ
ਇੱਥੇ ਅੱਜ ਸਵੇਰ ਤੋਂ ਰੁਕ-ਰੁਕ ਕੇ ਹੋ ਰਹੀ ਬਾਰਸ਼ ਅਤੇ ਚੱਲ ਰਹੀਆਂ ਠੰਢੀਆਂ ਤੇਜ਼ ਹਵਾਵਾਂ ਕਾਰਨ ਠੰਢ ਹੋਰ ਵਧ ਗਈ ਹੈ। ਮਾਘ ਮਹੀਨੇ ਦੌਰਾਨ ਅਜੇ ਤੱਕ ਕੜਾਕੇ ਦੀ ਠੰਢ ਤੋਂ ਲੋਕਾਂ ਨੂੰ ਕੋਈ ਰਾਹਤ ਨਹੀਂ ਮਿਲੀ। ਭਾਵੇਂ ਲੰਘੇ ਦਿਨ ਕਰੀਬ ਇੱਕ ਹਫਤੇ ਮਗਰੋਂ ਸੂਰਜ ਦੇਵਤਾ ਦੀ ਆਮਦ ਨਾਲ ਲੋਕਾਂ ਨੂੰ ਧੁੱਪ ਨਸੀਬ ਹੋਈ ਸੀ ਪਰੰਤੂ ਅੱਜ ਦਿਨ ਚੜ੍ਹਦਿਆਂ ਹੀ ਸ਼ੁਰੂ ਹੋਈ ਹਲਕੀ ਬਾਰਸ਼ ਲਗਾਤਾਰ ਪੈ ਰਹੀ ਹੈ ਜਿਸ ਨਾਲ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ। ਅਜਿਹੇ ਮੌਸਮ ਵਿੱਚ ਲੋਕ ਘਰਾਂ ’ਚ ਰਹਿਣ ਨੂੰ ਮਜਬੂਰ ਹਨ ਅਤੇ ਜ਼ਰੂਰੀ ਕੰਮ ਲਈ ਹੀ ਬਾਹਰ ਨਿਕਲ ਰਹੇ ਹਨ।
ਮੌਸਮ ਦੀ ਮਾਰ ਮਾਘ ਮਹੀਨੇ ’ਚ ਹੋ ਰਹੇ ਵਿਆਹ ਸਮਾਗਮਾਂ ਉੱਪਰ ਵੀ ਪੈ ਰਹੀ ਹੈ। ਠੰਢ ਕਾਰਨ ਚੋਣ ਪ੍ਰਚਾਰ ਵੀ ਮੱਠਾ ਹੈ। ਭਾਵੇਂ ਪਹਿਲਾਂ ਹੀ ਚੋਣ ਕਮਿਸ਼ਨ ਵੱਲੋਂ ਰੈਲੀਆਂ ਤੇ ਰੋਡ ਸ਼ੋਅਜ਼ ਉੱਪਰ ਸਖਤੀ ਕੀਤੀ ਹੋਈ ਹੈ ਪਰ ਮੌਸਮ ਦੇ ਵਿਗੜੇ ਮਿਜ਼ਾਜ ਦੀ ਸਖਤੀ ਵੀ ਚੋਣ ਪ੍ਰਚਾਰ ’ਚ ਅੜਿੱਕਾ ਬਣ ਰਹੀ ਹੈ। ਮੌਜੂਦਾ ਦਿਨਾਂ ’ਚ ਪੈ ਰਹੀ ਠੰਢ ਅਤੇ ਹਲਕੀ ਬਾਰਸ਼ ਨੂੰ ਹਾੜ੍ਹੀ ਦੀਆਂ ਫਸਲਾਂ ਲਈ ਲਾਹੇਵੰਦ ਮੰਨਿਆ ਜਾ ਰਿਹਾ ਹੈ ਪਰ ਪਸ਼ੂਆਂ ਦੀ ਸਾਂਭ ਸੰਭਾਲ ਦੇ ਕੰਮ ਵਿਚ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਸਾਰਾ ਦਿਨ ਹਲਕੀ ਬਾਰਸ਼ ਅਤੇ ਸੀਤ ਲਹਿਰ ਜ਼ੋਰਾਂ ’ਤੇ ਰਹੀ ਅਤੇ ਅਗਲੇ ਦੋ ਦਿਨ ਵੀ ਠੰਢ ਤੋਂ ਰਾਹਤ ਦੀ ਸੰਭਾਵਨਾ ਨਹੀਂ ਹੈ। ਅਗਲੇ ਦੋ ਦਿਨ ਰੁਕ-ਰੁਕ ਬਾਰਸ਼ ਜਾਰੀ ਰਹਿਣ ਦੇ ਹੀ ਆਸਾਰ ਹਨ।
ਪਟਿਆਲਾ (ਸਰਬਜੀਤ ਸਿੰਘ ਭੰਗੂ): ਪਿਛਲੇ ਕੁਝ ਦਿਨਾਂ ਤੋਂ ਮੌਸਮ ਦਾ ਮਿਜਾਜ਼ ਵਿਗੜਿਆ ਹੋਇਆ ਹੈ। ਇਸ ਦੌਰਾਨ ਪਿਛਲੇ ਚਾਰ ਦਿਨਾਂ ਤੋਂ ਹਲਕਾ ਤੇ ਦਰਮਿਆਨਾ ਮੀਂਹ ਪੈ ਰਿਹਾ ਹੈ, ਇਸੇ ਕੜੀ ਵਜੋਂ ਸ਼ਨਿੱਚਰਵਾਰ ਨੂੰ ਵੀ ਇਸ ਖੇਤਰ ਵਿੱਚ ਦਿਨ ਭਰ ਮੀਂਹ ਪੈਂਦਾ ਰਿਹਾ। ਮੌਸਮ ਵਿਭਾਗ ਤੋਂ ਪ੍ਰਾਪਤ ਵੇਰਵਿਆਂ ਅਨੁਸਾਰ ਪਟਿਆਲਾ ਖੇਤਰ ਵਿਚ ਅੱਜ 6.7 ਐੱਮਐੱਮ ਮੀਂਹ ਪਿਆ। ਮੀਂਹ ਕਾਰਨ ਅੱਜ ਦਿਨ ਭਰ ਠੰਡ ਵੀ ਪੈਂਦੀ ਰਹੀ ਜਿਸ ਨੇ ਜਨਜੀਵਨ ਪ੍ਰਭਾਵਤ ਕੀਤਾ ਬਾਜ਼ਾਰ ਵੀ ਬੇ ਰੌਣਕੇ ਰਹੇ। ਮੀਂਹ ਦੇ ਅੱਜ ਤਾਂ ਬਹੁਤੇ ਮਜ਼ਦੂਰਾ ਦੇ ਚੁੱਲ੍ਹੇ ਵੀ ਠੰਢੇ ਰਹੇ। ਕਿਉਂਕਿ ਰੋਜ਼ਾਨਾ ਹੀ ਦਿਹਾੜੀ ਕਰ ਕੇ ਆਪਣੇ ਖਾਣ-ਪੀਣ ਦਾ ਪ੍ਰਬੰਧ ਕਰਨ ਵਾਲੇ ਮਜ਼ਦੂਰਾਂ ਲਈ ਮੀਂਹ ਦਾ ਅਜਿਹਾ ਮੌਸਮ ਵਧੇਰੇ ਭਾਰੂ ਰਹਿੰਦਾ ਹੈ। ਉਧਰ ਮੌਸਮ ਦਾ ਵਿਗੜਿਆ ਇਹ ਮਿਜਾਜ਼ ਫਸਲਾਂ ਲਈ ਨੁਕਸਾਨਦਾਇਕ ਹੈ ਜਿਸ ਨੇ ਕਿਸਾਨਾਂ ਦੀ ਚਿੰਤਾ ਵਧਾਈ ਹੋਈ ਹੈ। ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਨਿਆਲ, ਰਘਵੀਰ ਸਿੰਘ ਨਿਆਲ ਅਤੇ ਜਸਦੇਵ ਸਿੰਘ ਨੁਗੀ ਸਮੇਤ ਰਾਜੇਵਾਲ ਬਲਾਕ ਸਨੌਰ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਠੀਆਂ ਅਤੇ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਜਨਰਲ ਸਕੱਤਰ ਜਗਮੇਲ ਸਿੰਘ ਸੁੱਧੇਵਾਲ ਦਾ ਕਹਿਣਾ ਸੀ ਕਿ ਇਸ ਮੀਂਹ ਨਾਲ ਕਿਸਾਨਾਂ ਦੀਆਂ ਫ਼ਸਲਾਂ, ਖ਼ਾਸ ਕਰਕੇ ਕਣਕ ਪੀਲੀ ਪੈ ਰਹੀ ਹੈ।
ਡਕਾਲਾ (ਮਾਨਵਜੋਤ ਸਿੰਘ): ਇਲਾਕੇ ’ਚ ਅੱਜ ਸਾਰਾ ਦਿਨ ਪੈ ਰਹੀ ਬਾਰਸ਼ ਕਾਰਨ ਜਨਜੀਵਨ ਪ੍ਰਭਾਵਿਤ ਰਿਹਾ। ਦੂਜੇ ਪਾਸੇ ਖੇਤਾਂ ਵਿੱਚ ਮੀਂਹ ਦਾ ਪਾਣੀ ਭਰਨ ਕਾਰਨ ਕਣਕ ਪੀਲੀ ਪੈਣ ਲੱਗੀ ਹੈ ਤੇ ਅੱਜ ਦੇ ਮੀਂਹ ਨੇ ਕਿਸਾਨਾਂ ’ਚ ਹੋਰ ਡਰ ਪੈਦਾ ਕਰ ਦਿੱਤਾ ਹੈ। ਇਲਾਕੇ ’ਚ ਘੱਗਰ ਨੇੜਲੇ ਖੇਤ ਨੀਵੇਂ ਹੋਣ ਦੀ ਵਜ੍ਹਾ ਪਹਿਲਾਂ ਹੀ ਮੀਂਹ ਦੇ ਪਾਣੀ ਦੀ ਮਾਰ ਹੇਠ ਹਨ। ਵੱਖ-ਵੱਖ ਕਿਸਾਨਾਂ ਨੇ ਦੱਸਿਆ ਕਿ ਫ਼ਸਲ ਲਈ ਹੁਣ ਖੁਸ਼ਕ ਠੰਢਾ ਮੌਸਮ ਹੀ ਚਾਹੀਦਾ ਹੈ।
ਖੇਤਾਂ ਵਿੱਚ ਪਾਣੀ ਖੜ੍ਹਨ ਕਾਰਨ ਕਣਕ ਦੀ ਫ਼ਸਲ ਪੀਲੀ ਪਈ
ਪਾਤੜਾਂ (ਗੁਰਨਾਮ ਸਿੰਘ ਚੌਹਾਨ): ਇੱਥੇ ਅੱਜ ਤੜਕਸਾਰ ਤੋਂ ਹੀ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ ਜਦਕਿ ਪਹਿਲੀ ਹੋਈ ਬਾਰਸ਼ ਕਾਰਨ ਖੇਤਾਂ ਵਿੱਚ ਖੜੇ ਪਾਣੀ ਨਾਲ ਕਣਕਾਂ ਪੀਲੀਆਂ ਪੈ ਗਈਆਂ ਹਨ। ਇਸ ਕਾਰਨ ਕਿਸਾਨ ਫਿਕਰਾਂ ਵਿੱਚ ਡੁੱਬ ਗਏ ਹਨ। ਕਿਸਾਨਾਂ ਨੂੰ ਫ਼ਸਲ ਖ਼ਰਾਬ ਹੋਣ ਦਾ ਡਰ ਖਾ ਰਿਹਾ ਹੈ। ਚੋਣਾਂ ਨੂੰ ਲੈ ਕੇ ਲੱਗੇ ਚੋਣ ਜ਼ਾਬਤੇ ਦੇ ਚੱਲਦਿਆਂ ਮੁਸੀਬਤ ਸਮੇਂ ਕਿਸਾਨਾਂ ਦੀ ਸਾਰ ਲੈਣ ਵਾਲਾ ਕੋਈ ਨਜ਼ਰ ਨਹੀਂ ਆ ਰਿਹਾ। ਘੱਗਰ ਪੱਟੀ ਅੰਦਰਲੇ ਪਿੰਡਾਂ ਨਾਈਵਾਲਾ, ਗੁਲਾੜ੍ਹ, ਜੋਗੇਵਾਲਾ, ਸ਼ੁਤਰਾਣਾ, ਕਰਤਾਰਪੁਰ, ਰਸੌਲੀ, ਸਧਾਰਨਪੁਰ ਸਮੇਤ ਦਰਜਨ ਤੋਂ ਵੱਧ ਹੋਰ ਪਿੰਡਾਂ ਵਿੱਚ ਹਜ਼ਾਰਾਂ ਏਕੜ ਪੀਲਕ ਫੜ ਚੁੱਕੀ ਕਣਕ ਨੂੰ ਬਚਾਉਣ ਲਈ ਉਕਤ ਪਿੰਡਾਂ ਦੇ ਕਿਸਾਨਾਂ ਵੱਲੋਂ ਲਗਾਤਾਰ ਮਿਹਨਤ ਕੀਤੀ ਜਾ ਰਹੀ ਹੈ, ਇਸ ਦੇ ਬਾਵਜੂਦ ਉਨ੍ਹਾਂ ਦੇ ਪੱਲੇ ਕੁਝ ਵੀ ਪੈਂਦਾ ਨਜ਼ਰ ਨਹੀਂ ਆ ਰਿਹਾ। ਕਿਸਾਨਾਂ ਨੇ ਦੱਸਿਆ ਕਿ ਪਹਿਲਾਂ ਤੋਂ ਹੀ ਕਰਜ਼ੇ ਦੀ ਦਲਦਲ ਵਿੱਚ ਧਸੀ ਕਿਸਾਨੀ ਨੂੰ ਕੁਦਰਤ ਦੀ ਮਾਰ ਕਾਰਨ ਵੱਡੇ ਆਰਥਿਕ ਘਾਟੇ ਝੱਲਣੇ ਪੈ ਰਹੇ ਹਨ ਪਰ ਸਰਕਾਰਾਂ ਘਾਟੇਵੰਦਾ ਸੌਦਾ ਬਣ ਚੁੱਕੀ ਕਿਰਸਾਨੀ ਨੂੰ ਬਚਾਉਣ ਲਈ ਇਸ ਤੋਂ ਪਾਸਾ ਵੱਟ ਰਹੀਆਂ ਹਨ। ਕਿਸਾਨਾਂ ਵੱਲੋਂ ਫਸਲਾਂ ਬਚਾਉਣ ਲਈ ਜੇਸੀਬੀ ਮਸ਼ੀਨਾਂ ਨਾਲ ਖੇਤਾਂ ਵਿੱਚ ਹੀ ਵੱਡੇ-ਵੱਡੇ ਟੋਏ ਪੁੱਟ ਕੇ ਉਨ੍ਹਾਂ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ । ਕੁਝ ਕਿਸਾਨ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਖੇਤਾਂ ਵਿੱਚ ਖੜ੍ਹਾ ਪਾਣੀ ਇੰਜਣਾਂ ਦੀ ਮਦਦ ਨਾਲ ਰਜਵਾਹਿਆਂ ਵਿੱਚ ਸੁੱਟਣ ਲੱਗੇ ਹੋਏ ਹਨ। ਇਨ੍ਹਾਂ ਪਿੰਡਾਂ ਦੇ ਕਿਸਾਨਾਂ ਨੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਚੋਣ ਜ਼ਾਬਤਾ ਲੱਗ ਜਾਣ ਕਰਕੇ ਸਰਕਾਰ ਦੇ ਹੱਥ ਬੰਨ੍ਹੇ ਗਏ ਹਨ। ਉਹ ਹੁਣ ਕਿਸਾਨਾਂ ਨੂੰ ਰਾਹਤ ਪਹੁੰਚਾਉਣ ਲਈ ਭਾਵੇਂ ਕੋਈ ਐਲਾਨ ਨਹੀਂ ਕਰ ਸਕਦੀ ਪਰ ਆਉਣ ਵਾਲੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਨੂੰ ਰਾਹਤ ਦੇਣ ਲਈ ਯੋਗ ਮੁਆਵਜ਼ਾ ਦੇਣ ਲਈ ਕੋਸ਼ਿਸ਼ ਕਰਨ।