ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 4 ਅਕਤੂਬਰ
ਅਨਾਜ ਮੰਡੀ ਭਵਾਨੀਗੜ੍ਹ ਦੇ ਫੜ ਦੀ ਇਸੇ ਹਫ਼ਤੇ ਬਣਾਈ ਸੜਕ ਥਾਂ-ਥਾਂ ਤੋਂ ਟੁੱਟ ਗਈ। ਇਸ ਦੀ ਆਲ ਇੰਡੀਆ ਕਾਂਗਰਸ ਪਾਰਟੀ ਦੇ ਆਗੂ ਰਾਹੁਲ ਗਾਂਧੀ ਦੀ ਫੇਰੀ ਨੂੰ ਦੇਖਦਿਆਂ ਮਹਿਕਮੇ ਵੱਲੋਂ ਫਟਾ ਫਟ ਮੁਰੰਮਤ ਕੀਤੀ ਗਈ। ਦੱਸਣਯੋਗ ਹੈ ਕਿ ਪੰਜਾਬ ਮੰਡੀ ਬੋਰਡ ਵੱਲੋਂ ਭਾਵੇਂ ਕੁਝ ਦਿਨ ਪਹਿਲਾਂ ਦਾਣਾ ਮੰਡੀ ਦੀ ਸੜਕ ਨੂੰ ਨਵੇਂ ਸਿਰੇ ਤੋਂ ਬਣਾਇਆ ਗਿਆ ਸੀ, ਪਰ ਇਹ ਸੜਕ ਚਾਰ ਦਿਨ ਬਾਅਦ ਹੀ ਰਾਹੁਲ ਗਾਂਧੀ ਦੇ ਆਉਣ ਤੋਂ ਪਹਿਲਾਂ ਥਾਂ-ਥਾਂ ਤੋਂ ਟੁੱਟਣੀ ਸ਼ੁਰੂ ਹੋ ਗਈ। ਇਸ ਦੀ ਪੈਚ ਲਗਾ ਕੇ ਠੇਕੇਦਾਰ ਵੱਲੋਂ ਮੁਰੰਮਤ ਕੀਤੀ ਜਾ ਰਹੀ ਹੈ।
ਪੰਜਾਬ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਵਿਧਾਇਕ ਵਿਜੈਇੰਦਰ ਸਿੰਗਲਾ ਦੀ ਸੜਕ ਬਣਾਉਣ ਨੂੰ ਲੈ ਕੇ ਮਾਰਕੀਟ ਕਮੇਟੀ ਦੇ ਅਧਿਕਾਰੀ ਅਤੇ ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਨਾਲ ਕਈ ਮੀਟਿੰਗਾਂ ਤੋਂ ਬਾਅਦ ਸੜਕ ਨੂੰ ਮੁਸ਼ਕਲ ਨਾਲ ਨੇਪਰੇ ਚਾੜ੍ਹਿਆ ਗਿਆ ਸੀ, ਪਰ ਚਾਰ ਦਿਨ ਬਾਅਦ ਹੀ ਥਾਂ-ਥਾਂ ਤੋਂ ਟੁੱਟਣੀ ਸ਼ੁਰੂ ਹੋ ਗਈ ਸੀ।
ਇਸ ਸਬੰਧੀ ਮੰਡੀਕਰਨ ਵਿਭਾਗ ਦੇ ਸੀਨੀਅਰ ਅਧਕਾਰੀ ਨੇ ਮੰਨਿਆ ਕਿ ਸੜਕ ਵਿੱਚ ਕੁੱਝ ਕਮੀਆਂ ਸਨ ਜਿਨ੍ਹਾਂ ਨੂੰ ਠੇਕੇਦਾਰ ਤੋਂ ਦੂਰ ਕਰਵਾ ਦਿੱਤਾ ਗਿਆ ਹੈ।