ਰਵੇਲ ਸਿੰਘ ਭਿੰਡਰ
ਪਟਿਆਲਾ, 29 ਅਪਰੈਲ
ਪੰਜਾਬ ਵਿੱਚ ਪ੍ਰੀ ਨਰਸਰੀ ਤੋਂ ਬਾਰ੍ਹਵੀਂ ਜਮਾਤਾਂ ਨੂੰ ਇੱਕ ਹੀ ਸਕੂਲ ਅੰਦਰ ਚਲਾ ਕੇ ‘ਕੰਪਲੈਕਸ ਸਕੂਲ’ ਦਾ ਏਜੰਡਾ ਲਾਗੂ ਕਰਨ ਨੂੰ ਸਿੱਖਿਆ ਵਿਭਾਗ ਦੇ ਅਕਾਰ ਘਟਾਈ ਅਤੇ ਜਨਤਕ ਸਿੱਖਿਆ ਦੇ ਖਾਤਮੇ ਦੀ ਸਾਜ਼ਿਸ਼ ਐਲਾਨਦਿਆਂ ਸਾਂਝਾ ਅਧਿਆਪਕ ਮੋਰਚਾ ਵੱਲੋਂ ਇਥੇ ਜ਼ਿਲ੍ਹਾ ਸਿੱਖਿਆ ਦਫਤਰ ਬਾਹਰ ਵਿਰੋਧ ਪ੍ਰਗਟਾਉਂਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਸਿੱਖਿਆ ਮੰਤਰੀ ਕੋਲ ਮੰਗ ਪੱਤਰ ਭੇਜਦਿਆਂ ਉਕਤ ਫੈਸਲਿਆਂ ’ਤੇ ਫੌਰੀ ਰੋਕ ਲਗਾਉਣ ਅਤੇ ਗੱਲਬਾਤ ਦੀ ਜਮਹੂਰੀ ਪ੍ਰਕਿਰਿਆ ਰਾਹੀਂ ਸਾਰੇ ਮਸਲੇ ਹੱਲ ਕਰਨ ਦੀ ਮੰਗ ਕੀਤੀ ਗਈ। ਅਜਿਹਾ ਨਾ ਹੋਣ ਦੀ ਸੂਰਤ ਵਿੱਚ ਪੰਜਾਬ ਸਰਕਾਰ ਖਿਲਾਫ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ ਵੀ ਦਿੱਤੀ ਗਈ।
ਸਾਂਝੇ ਅਧਿਆਪਕ ਮੋਰਚੇ ਦੇ ਆਗੂ ਲਛਮਣ ਸਿੰਘ ਨਬੀਪੁਰ, ਹਰਵਿੰਦਰ ਰੱਖੜਾ, ਪੁਸ਼ਪਿੰਦਰ ਹਰਪਾਲਪੁਰ ਅਤੇ ਅਵਤਾਰ ਸਿੰਘ ਗੰਡਾ ਨੇ ਕਿਹਾ ਕਿ ਸਰਕਾਰ ਵਲੋਂ ਜਮਹੂਰੀ ਸਿੱਖਿਆ ਪ੍ਰਬੰਧ ਵਿਰੋਧੀ ਏਜੰਡੇ ਤਹਿਤ ਪ੍ਰਾਇਮਰੀ, ਮਿਡਲ ਅਤੇ ਹਾਈ ਸਕੂਲਾਂ ਨੂੰ ਚੋਣਵੇਂ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਮਰਜ ਕਰਕੇ ਜਨਤਕ ਸਿੱਖਿਆ ਅਤੇ ਰੁੁਜ਼ਗਾਰ ਦੇ ਉਜਾੜੇ ਦਾ ਪੂਰਾ ਪ੍ਰੋਗਰਾਮ ਲਾਗੂ ਕਰਨ ਦੀ ਤਿਆਰੀ ਵਿੱਢ ਦਿੱਤੀ ਗਈ ਹੈ, ਉਨ੍ਹਾਂ ਦੱਸਿਆ ਕਿ ਪਹਿਲਾਂ ਮੰਡਲ ਸਿੱਖਿਆ ਅਫਸਰ ਦਫਤਰਾਂ ਤੇ ਇਨ ਸਰਵਿਸ ਟਰੇਨਿੰਗ ਸੈਂਟਰਾਂ ਦਾ ਖਾਤਮਾ ਕਰਕੇ, ਜ਼ਿਲ੍ਹਾ ਸਿੱਖਿਆ ਸਿਖਲਾਈ ਸੰਸਥਾਵਾਂ ਦੀਆਂ ਅਸਾਮੀਆਂ ਘਟਾ ਕੇ, ਇੱਕ ਇੱਕ ਕਲਰਕ ਦੇ ਹਵਾਲੇ ਤਿੰਨ ਤਿੰਨ ਸਕੂਲ ਕਰਕੇ, ਗੈਰਸੰਵਿਧਾਨਕ ਪੜ੍ਹੋ ਪੰਜਾਬ ਪ੍ਰਾਜੈਕਟ ਤਹਿਤ ਹਜ਼ਾਰਾਂ ਅਧਿਆਪਕਾਂ ਨੂੰ ਸਕੂਲਾਂ ਤੋਂ ਬਾਹਰ ਕਰਕੇ, ਪ੍ਰਾਇਮਰੀ ਹੈੱਡ ਟੀਚਰਜ਼ ਦੀਆਂ 1900 ਦੇ ਕਰੀਬ ਅਸਾਮੀਆਂ ਖਤਮ ਕਰਕੇ, ਫਿਰ ਮਿਡਲ ਸਕੂਲਾਂ ਵਿੱਚ ਪੂਰੀ ਯੋਜਨਾਬੰਦੀ ਨਾਲ ਸੀ ਐਂਡ ਵੀ ਕਾਡਰ ਨੂੰ ‘ਡਰਾਇੰਗ ਕਾਡਰ’ ਘੋਸ਼ਿਤ ਕਰਦਿਆਂ ਚਾਰ ਅਸਾਮੀਆਂ ਤੱਕ ਸੀਮਤ ਕਰਕੇ, ਲੈਕਚਰਾਰ ਕਾਡਰ ਨੂੰ ਮਾਸਟਰ ਕਾਡਰ ਦੇ ਪੀਰੀਅਡ ਦੇ ਕੇ ਅਤੇ ਹੁਣ ਲੈਕਚਰਾਰਾਂ ਦੀਆਂ ਵੱਡੀ ਗਿਣਤੀ ਵਿੱਚ ਈ-ਪੰਜਾਬ ਤੋਂ ਅਸਾਮੀਆਂ ਗਾਇਬ ਕਰਕੇ ਸਿੱਖਿਆ ਵਿਭਾਗ ਦੀ ਅਕਾਰ ਘਟਾਈ ਦਾ ਰਾਹ ਫੜਿਆ ਹੋਇਆ ਹੈ।
ਅਧਿਆਪਕ ਆਗੂਆਂ ਗੁਰਪ੍ਰੀਤ ਸਿੰਘ ਗੁਰੂ, ਹਰਦੀਪ ਟੋਡਰਪੁਰ, ਪਰਮਜੀਤ ਸਿੰਘ, ਰਣਜੀਤ ਸਿੰਘ ਨੇ ਕਿਹਾ ਕਿ ਤਰੁਟੀਆਂ ਦੂਰ ਕਰਕੇ ਪ੍ਰਾਇਮਰੀ ਸਮੇਤ ਸਾਰੀਆਂ ਬਦਲੀਆਂ ਨੂੰ ਬਿਨਾਂ ਸ਼ਰਤ ਲਾਗੂ ਕੀਤਾ ਜਾਵੇ ਅਤੇ ਤੀਜਾ ਰਾਊਂਡ ਵੀ ਜਲਦ ਸ਼ੁਰੂ ਕੀਤਾ ਜਾਵੇ। ਕਰੋਨਾ ਗ੍ਰਸਤ ਅਧਿਆਪਕਾਂ ਲਈ 30 ਦਿਨਾਂ ਦੀ ਤਨਖਾਹ ਸਮੇਤ ਛੁੱਟੀ ਦੇਣ ਸਬੰਧੀ ਸਪਸ਼ਟਤਾ ਜਾਰੀ ਕਰਨ ਦੀ ਮੰਗ ਵੀ ਕੀਤੀ ਗਈ। ਉਨ੍ਹਾਂ ਸਾਂਝੇ ਅਧਿਆਪਕ ਮੋਰਚੇ ਦੇ ਬੈਨਰ ਹੇਠ 1 ਜੂਨ ਨੂੰ ਸੰਗਰੂਰਵਿਚ ਹੋਣ ਜਾ ਰਹੇ ਵਿਸ਼ਾਲ ਸੂਬਾਈ ਧਰਨੇ ਵਿੱਚ ਵਧ ਚੜ੍ਹ ਕੇ ਯੋਗਦਾਨ ਪਾਉਣ ਦਾ ਸੱਦਾ ਦਿੱਤਾ। ਸਾਂਝਾ ਅਧਿਆਪਕ ਮੋਰਚਾ ਦੇ ਆਗੂਆਂ ਹਰਵਿੰਦਰ ਰੱਖੜਾ, ਜਸਵਿੰਦਰ ਸਮਾਣਾ, ਜਗਤਾਰ ਸਿੰਘ ਨਾਭਾ ਨੇ ਮੰਗ ਕੀਤੀ ਕਿ ਸਮੂਹ ਕੱਚੇ ਅਧਿਆਪਕਾਂ, ਓ.ਡੀ.ਐਲ ਅਧਿਆਪਕਾਂ, ਨਾਨ ਟੀਚਿੰਗ ਮੁਲਾਜ਼ਮਾਂ ਨੂੰ ਵਿਭਾਗ ਵਿਚ ਰੈਗੂਲਰ ਕੀਤਾ ਜਾਵੇ।
ਸੰਗਰੂਰ (ਪੱਤਰ ਪੇ੍ਰਕ/ਨਿੱਜੀ ਪੱਤਰ ਪੇ੍ਰਕ): ਸਾਂਝਾ ਅਧਿਆਪਕ ਮੋਰਚਾ ਦੀ ਅਗਵਾਈ ਹੇਠ ਅਧਿਆਪਕਾਂ ਵਲੋਂ ਸਿੱਖਿਆ ਅਤੇ ਅਧਿਆਪਕ ਮਾਰੂ ਫੈਸਲਿਆਂ ਦੇ ਵਿਰੋਧ ਵਿਚ ਰੋਸ ਮਾਰਚ ਕੀਤਾ ਗਿਆ ਅਤੇ ਡੀਸੀ ਕੰਪਲੈਕਸ ਅੱਗੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਪ੍ਰਦਰਸ਼ਨਕਾਰੀ ਅਧਿਆਪਕ ਸੈਕੰਡਰੀ ਸਕੂਲਾਂ ਵਿਚ ਪ੍ਰੀ ਨਰਸਰੀ ਤੋਂ ਜਮਾਤਾਂ ਸ਼ੁਰੂ ਕਰਨ ਦਾ ਫੈਸਲਾ ਰੱਦ ਕਰਨ, ਪ੍ਰਾਇਮਰੀ ਸਮੇਤ ਸਾਰੀਆਂ ਬਦਲੀਆਂ ਨੂੰ ਬਿਨ੍ਹਾਂ ਸ਼ਰਤ ਲਾਗੂ ਕਰਨ ਅਤੇ ਸਿੱਖਿਆ ਤੇ ਅਧਿਆਪਕ ਮਾਰੂ ਫੈਸਲੇ ਤੁਰੰਤ ਵਾਪਸ ਲੈਣ ਦੀ ਮੰਗ ਕਰ ਰਹੇ ਸਨ। ਇਸ ਮੌਕੇ ਅਮਨ ਵਸ਼ਿਸ਼ਟ, ਸਰਬਜੀਤ ਪੁੰਨਾਂਵਾਲ, ਨਿਰਮਲ ਸਿੰਘ, ਕਮਲਜੀਤ ਭਵਾਨੀਗੜ, ਮੇਘ ਰਾਜ, ਪ੍ਰਿੰਸ, ਗੁਰਦੇਵ ਸਿੰਘ, ਫਕੀਰ ਸਿੰਘ ਟਿੱਬਾ, ਸੁਖਵਿੰਦਰ ਗਿਆਰਾਂ ਤਜਿੰਦਰ ਸਿੰਘ, ਗੁਰਦੀਪ ਸਿੰਘ, ਹਰੀ ਦਾਸ, ਰਾਮ ਸਿੰਘ, ਸੁਖਪਾਲ ਰੋਮੀ, ਚੰਦ ਸਿੰਘ ਆਦਿ ਨੇ ਸੰਬੋਧਨ ਕੀਤਾ।