ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 22 ਅਪਰੈਲ
ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਮੁਸਲਮਾਨਾਂ ਅਤੇ ਧਾਰਮਿਕ ਘੱਟ ਗਿਣਤੀਆਂ ਖ਼ਿਲਾਫ਼ ਵਧ ਰਹੀ ਹਿੰਸਾ ਤੇ ਜ਼ਿਆਦਤੀਆਂ ਖ਼ਿਲਾਫ਼ ਸ਼ਹਿਰ ਦੇ ਮੁਸਲਿਮ ਭਾਈਚਾਰੇ ਨੇ ਰੋਸ ਮਾਰਚ ਕੀਤਾ ਅਤੇ ਮੁਸਲਮਾਨਾਂ ਖ਼ਿਲਾਫ਼ ਹਿੰਸਾ ਰੋਕਣ ਲਈ ਭਾਰਤ ਦੇ ਰਾਸ਼ਟਰਪਤੀ ਦੇ ਨਾਂ ਨਾਇਬ ਤਹਿਸੀਲਦਾਰ ਨੂੰ ਮੰਗ ਪੱਤਰ ਸੌਂਪਿਆ।
ਮੁਸਲਿਮ ਫੈਡਰੇਸ਼ਨ ਆਫ ਪੰਜਾਬ ਦੇ ਪ੍ਰਧਾਨ ਐਡਵੋਕੇਟ ਮੂਬੀਨ ਫਾਰੂਕੀ ਦੀ ਅਗਵਾਈ ’ਚ ਸਰਹਿੰਦੀ ਦਰਵਾਜ਼ੇ ਤੋਂ ਡਿਪਟੀ ਕਮਿਸ਼ਨਰ ਦਫ਼ਤਰ ਅਤੇ ਮੁਸਲਿਮ ਨੌਜਵਾਨ ਸਭਾ ਨੇ ਜਾਮਾ ਮਸਜਿਦ ਨਵਾਂ ਕਿਲ੍ਹਾ ਰਹਿਮਤਗੜ੍ਹ ਤੋਂ ਈਦਗਾਹ ਰਹਿਮਤਗੜ੍ਹ ਤੱਕ ਰੋਸ ਮਾਰਚ ਕੀਤਾ।
ਇਸ ਮੌਕੇ ਮੁਸਲਿਮ ਫੈਡਰੇਸ਼ਨ ਆਫ਼ ਪੰਜਾਬ ਦੇ ਪ੍ਰਧਾਨ ਐਡਵੋਕੇਟ ਮੁਬੀਨ ਫਾਰੂਕੀ ਨੇ ਕਿਹਾ ਕਿ ਭਾਰਤ ਧਰਮ ਨਿਰਪੱਖ ਦੇਸ਼ ਹੈ। ਦੇਸ਼ ਦਾ ਸੰਵਿਧਾਨ ਹਰ ਨਾਗਰਿਕ ਨੂੰ ਬਰਾਬਰ ਦੇ ਅਧਿਕਾਰ ਦਿੰਦਾ ਹੈ। ਦੇਸ਼ ਦੇ ਸੰਵਿਧਾਨ ਅਨੁਸਾਰ ਕਿਸੇ ਨਾਲ ਵੀ ਧਰਮ ਦੇ ਆਧਾਰ ’ਤੇ ਕੋਈ ਵਿਤਕਰਾ ਨਹੀਂ ਕੀਤਾ ਜਾ ਸਕਦਾ। ਦੇਸ਼ ਦੀ ਤਰੱਕੀ ਤੇ ਖੁਸ਼ਹਾਲੀ ਵਿੱਚ ਮੁਸਲਿਮ ਭਾਈਚਾਰਾ ਵੀ ਹੋਰਨਾਂ ਭਾਈਚਾਰਿਆਂ ਵਾਂਗ ਆਪਣਾ ਯੋਗਦਾਨ ਪਾ ਰਿਹਾ ਹੈ ਪ੍ਰੰਤੂ ਪਿਛਲੇ ਕੁਝ ਅਰਸੇ ਤੋਂ ਕੁਝ ਫ਼ਿਰਕੂ ਅਤੇ ਸਿਆਸੀ ਧਿਰਾਂ ਆਪਣੇ ਸੌੜੇ ਹਿੱਤਾਂ ਖ਼ਾਤਰ ਦੇਸ਼ ’ਚ ਫ਼ਿਰਕੂ ਮਾਹੌਲ ਸਿਰਜ ਰਹੀਆਂ ਹਨ। ਇਹ ਫ਼ਿਰਕੂ ਅਤੇ ਸਿਆਸੀ ਧਿਰਾਂ ਦੇਸ਼ ਅੰਦਰ ਨਫ਼ਰਤ ਦੀ ਰਾਜਨੀਤੀ ਕਰ ਕੇ ਦੇਸ਼ ਦੇ ਧਰਮ ਨਿਰਪੱਖ ਸਰੂਪ ਨਾਲ ਖਿਲਵਾੜ ਕਰ ਰਹੀਆਂ ਹਨ। ਇਨ੍ਹਾਂ ਧਿਰਾਂ ਨੇ ਦੇਸ਼ ਦੇ ਕਈ ਹਿੱਸਿਆਂ ’ਚ ਮੁਸਲਮਾਨਾਂ ਖ਼ਿਲਾਫ਼ ਧਾਰਮਿਕ ਹਿੰਸਾ ਸ਼ੁਰੂ ਕਰ ਦਿੱਤੀ ਹੈ। ਕਦੇ ਗਊ ਰੱਖਿਆ, ਲਵ ਜਹਾਦ, ਹਿਜਾਬ ਦੇ ਨਾਂ ’ਤੇ ਅਤੇ ਹੁਣ ਅਜ਼ਾਨ ਨੂੰ ਲੈ ਕੇ ਮੁਸਲਮਾਨਾਂ ਉੱਤੇ ਹਮਲੇ ਕੀਤੇ ਜਾ ਰਹੇ ਹਨ। ਰੋਸ ਪ੍ਰਦਰਸ਼ਨ ਮਗਰੋਂ ਦੋਵੇਂ ਜੱਥੇਬੰਦੀਆਂ ਨੇ ਨਾਇਬ ਤਹਿਸੀਲਦਾਰ ਖੁਸ਼ਵਿੰਦਰ ਕੁਮਾਰ ਨੂੰ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਸੌਂਪਿਆ ਗਿਆ।