ਖੇਤਰੀ ਪ੍ਰਤੀਨਿਧ
ਪਟਿਆਲਾ, 26 ਜੁਲਾਈ
ਤਨਖਾਹਾਂ ਨਾ ਮਿਲਣ ਅਤੇ ਹੋਰਨਾਂ ਮਾਮਲਿਆਂ ਨੂੰ ਲੈ ਕੇ ਪੰਜਾਬੀ ਯੂਨੀਵਰਿਸਟੀ ਟੀਚਰਜ਼ ਐਸੋਸੀਏਸ਼ਨ (ਪੂਟਾ) ਵੱਲੋਂ ਅੱਜ ਮੁੜ ਉਪ-ਕੁਲਪਤੀ ਦੇ ਦਫ਼ਤਰ ਮੂਹਰੇ ਧਰਨਾ ਦਿੱਤਾ ਗਿਆ। ਧਰਨੇ ਦੀ ਅਗਵਾਈ ਕਰਦਿਆਂ ਪੂਟਾ ਦੇ ਪ੍ਰਧਾਨ ਪ੍ਰੋ. ਭੁਪਿੰਦਰ ਸਿੰਘ ਵਿਰਕ ਨੇ ਕਿਹਾ ਕਿ ਉਹ ਆਪਣੀਆਂ ਮੰਗਾਂ ਮੰਨਵਾਉਣ ਲਈ ਕਈ ਹਫ਼ਤਿਆਂ ਤੋਂ ਧਰਨਾ ਦੇ ਰਹੇ ਹਨ ਪਰ ਯੂਨੀਵਰਸਿਟੀ ਪ੍ਰਸ਼ਾਸਨ ਦੀ ਕਥਿਤ ਅਣਦੇਖੀ ਦੇ ਚੱਲਦਿਆਂ ਅਧਿਆਪਕਾਂ ਸਮੇਤ ਹੋਰਨਾਂ ਵਰਗਾਂ ਦੀਆਂ ਮੁਸ਼ਕਲਾਂ ਅਤੇ ਮੰਗਾਂ ਦੀ ਸੂਚੀ ਵਧਦੀ ਜਾ ਰਹੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਇਸ ਮਹੀਨੇ ਦੇ ਅੰਤ ਤੱਕ ਅਧਿਆਪਕਾਂ ਦੀਆਂ ਤਨਖਾਹਾਂ ਸਮੇਂ ਸਿਰ ਜਾਰੀ ਕਰਨ ਦੀ ਕਾਰਵਾਈ ਯਕੀਨੀ ਨਾ ਬਣਾਈ ਗਈ ਤਾਂ ਅਗਸਤ ਵਿੱਚ ਉਹ ਤਿੱਖਾ ਸੰਘਰਸ਼ ਉਲੀਕਣ ਲਈ ਮਜਬੂਰ ਹੋਣਗੇ। ਉਨ੍ਹਾਂ ਕਿਹਾ ਕਿ ਕਾਫ਼ੀ ਸਮੇਂ ਤੋਂ ਹਰ ਵਾਰ ਦੋ ਮਹੀਨਿਆਂ ਦੀ ਤਨਖਾਹ ਬਕਾਇਆ ਰੱਖੀ ਜਾ ਰਹੀ ਹੈ ਤੇ ਇਹ ਵਰਤਾਰਾ ਕਈ ਮਹੀਨਿਆਂ ਤੋਂ ਜਾਰੀ ਹੈ। ਇਸ ਕਾਰਨ ਅਧਿਆਪਕਾਂ ਦਾ ਘਰੇਲੂ ਬਜਟ ਵਿਗੜ ਰਿਹਾ ਹੈ।
ਧਰਨੇ ਨੂੰ ਪੂਟਾ ਦੇ ਸਕੱਤਰ ਸੁਖਜਿੰਦਰ ਬੁੱਟਰ, ਡਾ. ਗੁਰਨਾਮ ਵਿਰਕ, ਡਾ. ਅਮਰਪ੍ਰੀਤ ਸਿੰਘ, ਡਾ. ਮਨਿੰਦਰ ਸਿੰਘ ਤੇ ਹੋਰਨਾਂ ਨੇ ਵੀ ਸੰਬੋਧਨ ਕੀਤਾ ਤੇ ਤਕਰੀਰਾਂ ਦੌਰਾਨ ਯੂਨੀਵਰਸਿਟੀ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਨੂੰ ਕੋਸਿਆ। ਸੁਖਜਿੰਦਰ ਬੁੱਟਰ ਦਾ ਤਰਕ ਸੀ ਕਿ ਉੱਚ ਵਿੱਦਿਆ ਪ੍ਰਾਪਤ ਯੂਨੀਵਰਸਿਟੀ ਪੱਧਰ ਦੇ ਅਧਿਆਪਕ ਵਰਗ ਨੂੰ ਫਰਸ਼ ਉੱਤੇ ਸਰਕਾਰ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਦੀ ਕਥਿਤ ਮਾੜੀ ਕਾਰਗੁਜ਼ਾਰੀ ਕਾਰਨ ਹੀ ਬੈਠਣਾ ਪੈ ਰਿਹਾ ਹੈ। ਇਸੇ ਦੌਰਾਨ ਡਾ. ਵਿਰਕ ਨੇ ਕਿਹਾ ਕਿ ਮਾਮਲਾ ਤਨਖਾਹਾਂ ਦੇਰੀ ਨਾਲ ਮਿਲਣ ਤੱਕ ਹੀ ਸੀਮਤ ਨਹੀਂ ਹੈ ਬਲਕਿ ਅਧਿਆਪਕਾਂ ਦੀਆਂ ਤਰੱਕੀਆਂ ਵੀ ਰੋਕੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਸਾਰੇ ਨਿਯਮ ਪੂਰੇ ਕਰਨ ਦੇ ਬਾਵਜੂਦ ਵੀ ਅਧਿਆਪਕਾਂ ਨੂੰ ਤਰੱਕੀਆਂ ਨਹੀਂ ਦਿੱਤੀਆਂ ਜਾ ਰਹੀਆਂ।
ਸੈਂਕੜੇ ਪ੍ਰਾਇਮਰੀ ਅਧਿਆਪਕ ਜੂਨ ਮਹੀਨੇ ਦੀ ਤਨਖਾਹ ਨੂੰ ਤਰਸੇ
ਸੰਗਰੂਰ (ਨਿਜੀ ਪੱਤਰ ਪ੍ਰੇਰਕ) ਮੂਨਕ ਬਲਾਕ ਦੇ ਸੈਂਕੜੇ ਪ੍ਰਾਇਮਰੀ ਅਧਿਆਪਕ ਜੂਨ ਮਹੀਨੇ ਦੀ ਤਨਖਾਹ ਨੂੰ ਤਰਸ ਗਏ ਹਨ। ਜੁਲਾਈ ਮਹੀਨਾ ਖਤਮ ਹੋਣ ਕਿਨਾਰੇ ਹੈ ਪਰ ਅਜੇ ਤੱਕ ਪ੍ਰਾਇਮਰੀ ਅਧਿਆਪਕਾਂ ਨੂੰ ਜੂਨ ਮਹੀਨੇ ਦੀ ਤਨਖਾਹ ਨਸੀਬ ਨਹੀਂ ਹੋਈ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਾਂਝੇ ਅਧਿਆਪਕ ਮੋਰਚੇ ਵੱਲੋਂ 1 ਅਗਸਤ ਨੂੰ ਜ਼ਿਲ੍ਹਾ ਸਿੱਖਿਆ ਦਫ਼ਤਰ ਦਾ ਘਿਰਾਓ ਕਰਨ ਦੀ ਚਿਤਾਵਨੀ ਦਿੱਤੀ ਹੈ। ਸਾਂਝੇ ਅਧਿਆਪਕ ਮੋਰਚੇ ਦੇ ਕਨਵੀਨਰਾਂ ਗੁਰਸੇਵਕ ਸਿੰਘ ਕਲੇਰ, ਦੇਵੀ ਦਿਆਲ, ਵਰਿੰਦਰਜੀਤ ਸਿੰਘ ਬਜਾਜ ਅਤੇ ਨਿਰਮਲ ਸਿੰਘ ਨੇ ਕਿਹਾ ਕਿ ਦਫ਼ਤਰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਮੂਣਕ ਵਿੱਚ ਕਲਰਕ ਦੀ ਅਸਾਮੀ ਬਹੁਤ ਲੰਬੇ ਸਮੇਂ ਤੋਂ ਖਾਲੀ ਹੈ। ਜ਼ਿਲ੍ਹਾ ਦਫ਼ਤਰ ਵੱਲੋਂ ਬੀਪੀਈਓ ਦਫ਼ਤਰ ਸ਼ੇਰਪੁਰ ਦੇ ਕਲਰਕ ਨੂੰ ਮੂਣਕ ਦਫ਼ਤਰ ਦਾ ਵਾਧੂ ਚਾਰਜ ਅਪਰੈਲ ਮਹੀਨੇ ਵਿੱਚ ਦੇ ਦਿੱਤਾ ਗਿਆ ਸੀ। ਉਸ ਕਲਰਕ ਵੱਲੋਂ ਚਾਰਜ ਨਾ ਲਏ ਜਾਣ ਅਤੇ ਦਫ਼ਤਰ ਜ਼ਿਲ੍ਹਾ ਸਿੱਖਿਆ ਦਫਤਰ ਦੀ ਅਣਗਹਿਲੀ ਕਾਰਨ ਮੂਨਕ ਬਲਾਕ ਦੇ ਅਧਿਆਪਕ ਤਨਖਾਹਾਂ ਨੂੰ ਤਰਸ ਰਹੇ ਹਨ। ਸਾਂਝੇ ਅਧਿਆਪਕ ਮੋਰਚੇ ਦੇ ਵਫ਼ਦ ਵਲੋਂ ਅੱਜ ਡੀਈਓ ਸ.ਸ. ਵਾਧੂ ਚਾਰਜ ਐਲੀਮੈਂਟਰੀ ਸਿੱਖਿਆ ਦੇ ਧਿਆਨ ਵਿੱਚ ਲਿਆਂਦਾ ਗਿਆ ਅਤੇ ਰੋਸ ਜਤਾਇਆ ਗਿਆ। ਉਨ੍ਹਾਂ ਕਿਹਾ ਕਿ ਜੇ ਜਲਦੀ ਅਧਿਆਪਕਾਂ ਦੀ ਤਨਖਾਹ ਕਢਵਾਉਣ ਵੱਲ ਸੰਜੀਦਗੀ ਨਾ ਦਿਖਾਈ ਗਈ ਤਾਂ 1 ਅਗਸਤ ਨੂੰ ਦਫਤਰ ਜ਼ਿਲ੍ਹਾ ਸਿੱਖਿਆ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਫਕੀਰ ਸਿੰਘ ਟਿੱਬਾ, ਸਰਨਜੀਤ ਸਿੰਘ ਪੁੰਨਾਵਾਲ, ਨਿਰਮਲ ਸਿੰਘ, ਕਰਮਜੀਤ ਸਿੰਘ ਗਗੜਪੁਰ, ਓਮ ਪ੍ਰਕਾਸ਼, ਜਗਜੀਤ ਸਿੰਘ ਲੱਡਾ ਆਦਿ ਹਾਜ਼ਰ ਸਨ।