ਗੁਰਦੀਪ ਸਿੰਘ ਲਾਲੀ
ਸੰਗਰੂਰ, 13 ਅਪਰੈਲ
ਸਮੂਹ ਖਰੀਦ ਏਜੰਸੀਆਂ ਦੇ ਮੁਲਾਜ਼ਮਾਂ ਵਲੋਂ ਸਾਂਝੀ ਤਾਲਮੇਲ ਕਮੇਟੀ ਜ਼ਿਲ੍ਹਾ ਸੰਗਰੂਰ ਦੀ ਅਗਵਾਈ ਹੇਠ ਇਥੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਵਿਖਾਵਾ ਕੀਤਾ ਗਿਆ ਅਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਇਸ ਮੌਕੇ ਖਰੀਦ ਏਜੰਸੀਆਂ ਵਲੋਂ ਕਣਕ ਦੀ ਖਰੀਦ ਦੇ ਮੁਕੰਮਲ ਬਾਈਕਾਟ ਦਾ ਐਲਾਨ ਵੀ ਕਰ ਦਿੱਤਾ ਗਿਆ ਸੀ ਪਰੰਤੂ ਕੁੱਝ ਘੰਟਿਆਂ ਮਗਰੋਂ ਹੀ ਸਰਕਾਰ ਵਲੋਂ ਦਿੱਤੇ ਭਰੋਸੇ ਮਗਰੋਂ ਬਾਈਕਾਟ ਦਾ ਫੈਸਲਾ ਵਾਪਸ ਲੈ ਲਿਆ।
ਖਰੀਦ ਏਜੰਸੀਆਂ ਦੇ ਮੁਲਾਜ਼ਮਾਂ ਦੀ ਸਾਂਝੀ ਤਾਲਮੇਲ ਕਮੇਟੀ ਦੀ ਜ਼ਿਲ੍ਹਾ ਇਕਾਈ ਵਲੋਂ ਪ੍ਰਧਾਨ ਪੰਕਜ ਗਰਗ ਇੰਸਪੈਕਟਰ ਪਨਗ੍ਰੇਨ, ਪ੍ਰਧਾਨ ਰਜਿੰਦਰ ਸੱਗੂ ਪਨਸਪ, ਪ੍ਰਧਾਨ ਬਲਜਿੰਦਰ ਸਿੰਘ ਮਾਰਕਫੈੱਡ, ਪ੍ਰਧਾਨ ਮੁਕਲ ਮੰਨੂ ਵੇਅਰਹਾਊਸ ਦੀ ਅਗਵਾਈ ਹੇਠ ਸੂਬਾ ਕਮੇਟੀ ਦੇ ਫੈਸਲੇ ਮੁਤਾਬਕ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸਾਲ 2022-23 ਦੌਰਾਨ ਖਰੀਦ ਹੋਈ ਕਣਕ ਨੂੰ ਸਿਰਫ਼ ਕਵਰਡ ਸਮਰੱਥਾ ਵਾਲੇ ਗੁਦਾਮਾਂ ਵਿੱਚ ਭੰਡਾਰ ਕਰਨ ਅਤੇ ਬਾਕੀ ਕਣਕ ਨੂੰ ਸਬੰਧਤ ਮੰਡੀਆਂ ਵਿੱਚ ਭੰਡਾਰ ਕੀਤਾ ਜਾਵੇ। ਕਣਕ ਨੂੰ ਮੰਡੀਆਂ ਵਿੱਚ ਭੰਡਾਰ ਕਰਨ ਦੇ ਹੁਕਮਾਂ ਨੂੰ ਮੰਦਭਾਗਾ ਕਰਾਰ ਦਿੰਦਿਆਂ ਇਸ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਗਈ। ਬਲਜਿੰਦਰ ਸਿੰਘ, ਮੁਕਲ ਮੰਨੂੰ, ਸੰਦੀਪ ਸਿੰਘ ਸੋਨੀ, ਕੁਲਦੀਪ ਸਿੰਘ, ਪੁਸ਼ਪਿੰਦਰ ਸਿੰਘ, ਅਵਤਾਰ ਸਿੰਘ, ਆਸ਼ੂ ਗੋਇਲ ਅਤੇ ਖਰੀਦ ਏਜੰਸੀਆਂ ਦੇ ਹੋਰ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਵੱਲੋਂ ਕਣਕ ਦੇ ਨਿਰਧਾਰਤ ਮਾਪਦੰਡਾਂ ਵਿੱਚ ਲੋੜ ਅਨੁਸਾਰ ਛੋਟ ਨਹੀਂ ਦਿੱਤੀ ਜਾਂਦੀ, ਉਦੋਂ ਤੱਕ ਖਰੀਦ ਏਜੰਸੀਆਂ ਦੇ ਮੁਲਾਜ਼ਮ ਖਰੀਦ ਕਰਨ ਵਿੱਚ ਅਸਮਰੱਥ ਹੋਣਗੇ। ਖਰੀਦ ਏਜੰਸੀਆਂ ਦੇ ਰੋਸ ਪ੍ਰਦਰਸ਼ਨਾਂ ਤੇ ਖਰੀਦ ਦੇ ਬਾਈਕਾਟ ਦੇ ਐਲਾਨ ਮਗਰੋਂ ਪੰਜਾਬ ਸਰਕਾਰ ਨੇ ਖਰੀਦ ਏਜੰਸੀਆਂ ਨੂੰ ਮਸਲੇ ਦੇ ਹੱਲ ਦੇ ਦਿੱਤੇ ਭਰੋਸੇ ਮਗਰੋਂ ਬਾਈਕਾਟ ਦਾ ਫੈਸਲਾ ਵਾਪਸ ਲੈ ਲਿਆ। ਇਹ ਜਾਣਕਾਰੀ ਖੁਰਾਕ ਅਤੇ ਸਪਲਾਈਜ਼ ਵਿਭਾਗ ਇੰਸਪੈਕਟੋਰੇਟ ਸਟਾਫ਼ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਰਾਜੇਸ਼ ਬਾਂਸਲ ਵਲੋਂ ਦਿੱਤੀ ਗਈ।