ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 10 ਅਕਤੂਬਰ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਆਗੂ ਦੇਵ ਰਾਜ ਵਰਮਾ ਦੀ ਅਗਵਾਈ ਹੇਠ ਉਸਾਰੀ ਕਾਮਿਆਂ ਨੇ ਪੰਜਾਬ ਅੰਦਰ ਰੇਤਾ-ਬਜਰੀ ਦੇ ਵਧੇ ਹੋਏ ਰੇਟ ਘਟਾਉਣ ਅਤੇ ਗ਼ੈਰਕਾਨੂੰਨੀ ਖਣਨ ਨੂੰ ਰੋਕ ਕੇ ਕਾਨੂੰਨੀ ਖਣਨ ਮਾਪਦੰਡਾਂ/ਨਿਯਮਾਂ ਮੁਤਾਬਕ ਚਾਲੂ ਕੀਤੇ ਜਾਣ ਦੀ ਮੰਗ ਲਈ ਉਸਾਰੀ ਕਾਮਿਆਂ ਨੇ ਸਥਾਨਕ ਟਰੱਕ ਯੂਨੀਅਨ ਨੇੜੇ ਸਥਿਤ ਪਾਰਟੀ ਦਫ਼ਤਰ ਤੋਂ ਡਿਪਟੀ ਕਮਿਸ਼ਨਰ ਦੇ ਦਫ਼ਤਰ ਤੱਕ ਰੋਸ ਪ੍ਰਦਰਸ਼ਨ ਕਰ ਕੇ ਵਧੀਕ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ।
ਇਸ ਮੌਕੇ ਦੇਵ ਰਾਜ ਵਰਮਾ ਨੇ ਕਿਹਾ ਕਿ ਘਰਾਂ ਤੇ ਹੋਰ ਇਮਾਰਤਾਂ ਦੀ ਉਸਾਰੀ ਲਈ ਵਰਤੇ ਜਾਂਦੇ ਰੇਤੇ ਰੇਟ ਦੁੱਗਣੇ ਹੋਣ ਕਾਰਨ ਉਸਾਰੀ ਦਾ ਕੰਮ ਠੱਪ ਹੋਣ ਦੀ ਕਗਾਰ ’ਤੇ ਪਹੁੰਚ ਗਿਆ ਹੈ, ਜਿਸ ਨਾਲ ਸੂਬੇ ਦੇ ਹਜ਼ਾਰਾਂ ਉਸਾਰੀ ਕਾਮੇ ਵਿਹਲੇ ਹੋ ਗਏ ਹਨ। ਕਾਮਿਆਂ ਨੂੰ ਕੰਮ ਨਾ ਮਿਲਣ ਕਾਰਨ ਉਸਾਰੀ ਕਾਮਿਆਂ ਦੇ ਪਰਿਵਾਰਾਂ ਨੂੰ ਗੁਜ਼ਾਰਾ ਚਲਾਉਣਾ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਰੇਤੇ ਦਾ ਰੇਟ ਮਹੀਨੇ ਅੰਦਰ ਹੀ ਕਰੀਬ ਦੁੱਗਣਾ ਹੋ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਰੇਤੇ ਦੀਆਂ ਕੀਮਤਾਂ ਘਟਾਈਆਂ ਜਾਣ, ਸੂਬਾ ਸਰਕਾਰ ਵੱਲੋਂ ਲਾਇਆ ਗਿਆ ਸੈੱਸ ਵਾਪਸ ਲਿਆ ਜਾਵੇ ਅਤੇ ਹਰ ਕਿਸਮ ਦੀ ਨਾਜਾਇਜ਼ ਵਸੂਲੀ ’ਤੇ ਰੋਕ ਲਗਾਈ ਜਾਵੇ, ਸੂਬੇ ਅੰਦਰ ਖੇਤੀ ਅਧਾਰਿਤ ਸਨਅਤਾਂ ਨੂੰ ਪਹਿਲ ਦਿੱਤੀ ਜਾਵੇ ਤੇ ਕਿਸਾਨਾਂ ਮਜ਼ਦੂਰਾਂ ਦੇ ਹਿੱਤ ਸੁਰੱਖਿਅਤ ਕੀਤੇ ਜਾਣ। ਇਸ ਮੌਕੇ ਰਘਵੀਰ ਸਿੰਘ ਨੱਥੋਹੇੜੀ, ਅਮਰਜੀਤ ਸਿੰਘ ਸੰਗਾਲਾ, ਹਾਜੀ ਮੁਹੰਮਦ ਰਮਜ਼ਾਨ, ਅਮਰੀਕ ਸਿੰਘ ਨੱਥੋਹੇੜੀ, ਭੋਲਾ ਸਿੰਘ ਕਲਿਆਣ, ਗੁਰਮੀਤ ਕੌਰ ਨੱਥੋਹੇੜੀ, ਜਤਿੰਦਰ ਗੁਪਤਾ ਮਾਲੇਰਕੋਟਲਾ ਤੇ ਗੋਰਾ ਲਾਲ ਮਾਲੇਰਕੋਟਲਾ ਹਾਜ਼ਰ ਸਨ।