ਮੇਜਰ ਸਿੰਘ ਮੱਟਰਾਂ
ਭਵਾਨੀਗੜ, 8 ਅਪਰੈਲ
ਇੱਥੋਂ ਨੇੜਲੇ ਪਿੰਡ ਰਸੂਲਪੁਰ ਛੰਨਾ ਵਿਖੇ ਬੀਤੀ ਸ਼ਾਮ ਪੋਲਟਰੀ ਫਾਰਮ ਦੀ ਇਮਾਰਤ ਢਹਿ ਜਾਣ ਕਾਰਨ ਚਾਰ ਹਜ਼ਾਰ ਦੇ ਕਰੀਬ ਮੁਰਗੀਆਂ ਮਲਬੇ ਹੇਠ ਆ ਕੇ ਮਰ ਗਈਆਂ ਅਤੇ 2 ਹਜ਼ਾਰ ਜ਼ਖਮੀ ਹੋ ਗਈਆਂ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੋਲਟਰੀ ਫਾਰਮ ਦੇ ਮਾਲਕ ਰਹਿਮਤ ਖਾਂ ਅਤੇ ਉਸ ਦੇ ਪੁੱਤਰ ਨਜੀਰ ਖਾਂ ਨੇ ਦੱਸਿਆ ਕਿ ਬੀਤੀ ਸ਼ਾਮ ਉਨ੍ਹਾਂ ਦੇ ਨੌਕਰ ਨੇ ਫੋਨ ਕੀਤਾ ਕਿ ਪੋਲਟਰੀ ਫਾਰਮ ਦੀ ਇਮਾਰਤ ਡਿੱਗ ਗਈ ਹੈ। ਇਸ ਉਪਰੰਤ ਜਦੋਂ ਉਹ ਉੱਥੇ ਪਹੁੰਚੇ ਤਾਂ ਸਾਰੀ ਇਮਾਰਤ ਮਲਬੇ ਦਾ ਰੂਪ ਧਾਰਨ ਕਰ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਪੋਲਟਰੀ ਫਾਰਮ ਵਿਚ ਛੇ ਹਜ਼ਾਰ ਮੁਰਗੀਆਂ ਸਨ ਜਿਸ ਵਿੱਚੋਂ ਚਾਰ ਹਜ਼ਾਰ ਮੌਤ ਦਾ ਸ਼ਿਕਾਰ ਹੋ ਗਈਆਂ ਅਤੇ ਬਾਕੀ ਦੋ ਹਜ਼ਾਰ ਦੀ ਵੀ ਜ਼ਖ਼ਮੀ ਹੋਣ ਕਾਰਨ ਬੁਰੀ ਹਾਲਤ ਹੈ।
ਉਨ੍ਹਾਂ ਕਿਹਾ ਕਿ ਇਮਾਰਤ ਡਿੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ, ਪਰ ਉਨ੍ਹਾਂ ਦਾ ਇਮਾਰਤ ਤੇ ਮੁਰਗਿਆਂ ਸਮੇਤ 13-14 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਉਨ੍ਹਾਂ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਵੀ ਕੀਤੀ।