ਖੇਤਰੀ ਪ੍ਰਤੀਨਿਧ
ਧੂਰੀ, 6 ਜੁਲਾਈ
ਭਾਵੇਂ ਪੰਜਾਬ ਸਰਕਾਰ ਵੱਲੋਂ ਸਫ਼ਾਈ ਸੇਵਕਾਂ ਦੀਆਂ ਮੰਗਾਂ ਮੰਨ ਲੈਣ ਉਪਰੰਤ ਸਫਾਈ ਸੇਵਕਾਂ ਦੀ ਹੜਤਾਲ ਖਤਮ ਹੋਣ ਦਾ ਐਲਾਨ ਕਰ ਦਿੱਤਾ ਗਿਆ ਸੀ ਪ੍ਰੰਤੂ ਸ਼ਹਿਰ ਅੰਦਰ ਸਿਰਫ ਪੱਕੇ ਸਫ਼ਾਈ ਮੁਲਾਜ਼ਮ ਹੀ ਆਪਣੀ ਡਿਊਟੀ ’ਤੇ ਪਰਤੇ ਹਨ ਅਤੇ ਕੱਚੇ ਸਫਾਈ ਕਾਮਿਆਂ ਵੱਲੋਂ ਨਗਰ ਕੌਂਸਲ ਦੀ ਨਾਕਾਮੀ ਕਾਰਨ ਸਫਾਈ ਨਹੀਂ ਕੀਤੀ ਜਾ ਰਹੀ। ਜਿਸ ਕਾਰਨ ਸ਼ਹਿਰ ਅੰਦਰ ਅਨੇਕਾਂ ਥਾਵਾਂ ’ਤੇ ਗੰਦਗੀ ਦੇ ਢੇਰ ਲੱਗੇ ਹੋਏ ਹਨ। ਇਸ ਗੰਦਗੀ ਦੇ ਢੇਰਾਂ ਤੋਂ ਪਰੇਸ਼ਾਨ ਕੌਂਸਲਰ ਅਸ਼ਵਨੀ ਕੁਮਾਰ ਮਿੱਠੂ ਵੱਲੋਂ ਅੱਜ ਵਾਰਡ ਨੰਬਰ 6 ਅੰਦਰ ਲੱਗੇ ਕੂੜੇ ਦੇ ਢੇਰਾਂ ਨੂੰ ਚੁੱਕਣਾ ਸ਼ੁਰੂ ਕਰ ਦਿੱਤਾ ਗਿਆ। ਕੌਂਸਲਰ ਮਿੱਠੂ ਨੇ ਕਿਹਾ ਕਿ ਨਗਰ ਕੌਂਸਲ ਕੋਲ ਕਰੀਬ 40 ਪੱਕੇ ਅਤੇ ਕਰੀਬ 75 ਕੱਚੇ ਸਫਾਈ ਕਾਮੇ ਹਨ ਪ੍ਰੰਤੂ ਠੇੇਕੇਦਾਰ ਵੱਲੋਂ ਕੰਮ ਤੋਂ ਜਵਾਬ ਦੇਣ ਕਾਰਨ ਨਗਰ ਕੌਂਸਲ ਹਾਲੇ ਤੱਕ ਕੱਚੇ ਸਫ਼ਾਈ ਸੇਵਕਾਂ ਦਾ ਕੰਮ ਸ਼ੁਰੂ ਕਰਵਾਉਣ ’ਚ ਨਾਕਾਮ ਰਹੀ ਹੈ। ਉਨ੍ਹਾਂ ਪੱਖਪਾਤ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਪੱਕੇ ਸਫ਼ਾਈ ਕਾਮਿਆਂ ਨੂੰ ਉਨ੍ਹਾਂ ਦੇ ਵਾਰਡ ਅੰਦਰ ਸਫ਼ਾਈ ਲਈ ਨਹੀਂ ਭੇਜਿਆ ਜਾ ਰਿਹਾ, ਜਿਸ ਕਾਰਨ ਉਨ੍ਹਾਂ ਵੱਲੋਂ ਖੁਦ ਸਫਾਈ ਸ਼ੁਰੂ ਕੀਤੀ ਗਈ ਹੈ। ਕਾਰਜਸਾਧਕ ਅਫਸਰ ਨੇ ਕਿਹਾ ਕਿ ਸਫ਼ਾਈ ਠੇਕੇਦਾਰ ਵੱਲੋਂ ਠੇਕਾ ਛੱਡਣ ਕਾਰਨ ਸਮੱਸਿਆ ਪੈਦਾ ਹੋਈ ਹੈ।