ਰਮੇਸ਼ ਭਾਰਦਵਾਜ
ਲਹਿਰਾਗਾਗਾ, 18 ਅਕਤੂਬਰ
ਇਹ ਇਲਾਕਾ ਕਿਸੇ ਸਮੇਂ ਨਰਮਾ ਉਤਪਾਦਨ ’ਚ ਮੋਹਰੀ ਮੰਨਿਆ ਜਾਂਦਾ ਸੀ ਪਰ ਅਮਰੀਕਨ ਸੁੰਡੀ ਦੀ ਮਾਰ ਨੇ ਇਥੇ ਕਿਸਾਨਾਂ ਦਾ ਲੱਕ ਤੋੜ ਦਿੱਤਾ ਹੈ। ਇੰਨਾ ਘਾਟਾ ਪੈਣ ਮਗਰੋਂ ਹੁਣ ਕਿਸਾਨ ਨਰਮੇ ਦੀ ਕਾਸ਼ਤ ਤੋਂ ਪਾਸਾ ਵੱਟਣ ਲੱਗੇ ਹਨ। ਚਾਹੇ ਇਸ ਵਾਰ ਨਰਮੇ ਦੀ ਘਾਟ ਕਰਕੇ ਨਰਮਾ 7500 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚ ਗਿਆ ਹੈ ਪਰ ਨਰਮੇ ਦੀ ਆਮਦ ਘਟਣ ਕਰਕੇ ਪੱਲੇਦਾਰਾਂ, ਆੜ੍ਹਤੀਆਂ ਅਤੇ ਕਪਾਹ ਕਾਰਖਾਨੇਦਾਰਾਂ ਦੀ ਵੀ ਚਿੰਤਾ ਵਧ ਗਈ ਹੈ। ਦੱਸਣਯੋਗ ਹੈ ਕਿ ਨਰਮੇ ਦਾ ਸਰਕਾਰੀ ਭਾਅ 6000 ਦੇ ਮੁਕਾਬਲੇ 7500 ਤੱਕ ਵਿਕਣ ਕਰਕੇ ਕਾਟਨ ਕਾਰਪੋਰੇਸ਼ਨ ਖਰੀਦ ਲਈ ਅੱਗੇ ਨਹੀਂ ਆਈ। ਮਾਰਕੀਟ ਕਮੇਟੀ ਦੇ ਚੇਅਰਮੈਨ ਜਸਵਿੰਦਰ ਸਿੰਘ ਰਿੰਪੀ, ਮੰਡੀ ਸੁਪਰਵਾਈਜ਼ਰ ਰਣਧੀਰ ਸਿੰਘ ਖਾਲਸਾ, ਆਕਸ਼ਨ ਰਿਕਾਰਡਰ ਮੋਹਿਤ ਮਨੀ ਜਲੂਰ ਨੇ ਦੱਸਿਆ ਕਿ ਅੱਜ ਤੱਕ ਮਹਿਜ਼ 2000 ਤੋਂ ਵੱਧ ਕੁਇੰਟਲ ਨਰਮਾ ਨਿੱਜੀ ਕਾਰਖਾਨੇਦਾਰਾਂ ਨੇ ਖਰੀਦਿਆ ਹੈ। ਇਸ ਦਾ ਮਾਰਕੀਟ ਫੀਸ ’ਤੇ ਵੀ ਮਾਰੂ ਅਸਰ ਪਵੇਗਾ। ਉਧਰ ਜ਼ਿਲ੍ਹਾ ਖੇਤੀ ਵਿਕਾਸ ਅਫ਼ਸਰ ਡਾ. ਇੰਦਰਜੀਤ ਸਿੰਘ ਭੱਟੀ ਨੇ ਦੱਸਿਆ ਕਿ ਲਹਿਰਾਗਾਗਾ ਬਲਾਕ ’ਚ ਇਸ ਵਾਰ 1250 ਹੈਕਟੇਅਰ ਰਕਬੇ ’ਚ ਨਰਮੇ ਦੀ ਕਾਸ਼ਤ ਹੋਈ ਸੀ ਅਤੇ ਇਸ ’ਚੋਂ 25 ਫੀਸਦੀ ਤੋਂ 100 ਫੀਸਦੀ ਤੱਕ ਫਸਲ ਖਰਾਬ ਹੋਈ ਹੈ। ਪਿੰਡ ਹਰਿਆਓ ਦੇ ਕਿਸਾਨ ਜਗਤਾਰ ਸਿੰਘ ਤੇ ਵਿੱਕੀ ਸ਼ਰਮਾ ਆਦਿ ਨੇ ਦੱਸਿਆ ਕਿ ਉਹ ਹਰ ਸਾਲ ਤਿੰਨ ਏਕੜ ’ਚ ਨਰਮੇ ਦੀ ਕਾਸ਼ਤ ਕਰਦਾ ਹੈ ਪਿਛਲੇ ਸਾਲ ਚੁਗਾਈ ਦਾ ਝਾੜ 32 ਮਣ ਨਿਕਲਿਆ ਸੀ ਪਰ ਇਸ ਵਾਰ ਬਾਰਸ਼ਾਂ ਤੇ ਸੁੰਡੀ ਕਰਕੇ ਝਾੜ ਮਹਿਜ਼ 15 ਮਣ ਵੀ ਨਿਕਲਣ ਦੀ ਉਮੀਦ ਨਹੀਂ ਹੈ, ਵਧ ਭਾਅ ਨੂੰ ਉਹ ਕੀ ਕਰਨਗੇ। ਆੜ੍ਹਤੀ ਯੂਨੀਅਨ ਦੇ ਪ੍ਰਧਾਨ ਜੀਵਨ ਰੱਬੜ ਅਨੁਸਾਰ ਇਥੇ ਸਿਰਫ ਕ੍ਰਿਸ਼ਨਾ ਕਾਟਨ ਮਿੱਲ, ਵਿਜੈ ਕੁਮਾਰ ਐਂਡ ਸੰਨਜ਼ ਕਾਟਨ ਮਿੱਲ ਤੇ ਨਿਤਿਨ ਕਾਟਨ ਮਿੱਲ ਹੀ ਨਰਮਾ ਖਰੀਦ ਰਹੀਆਂ ਹਨ। ਮਿੱਲ ਮਾਲਕਾਂ ਦਾ ਕਹਿਣਾ ਹੈ ਕਿ ਇੱਕ ਕਪਾਹ ਮਿੱਲ ਚਲਾਉਣ ਲਈ ਘੱਟੋ ਘੱਟ 100 ਗੱਠਾਂ ਦਾ ਮਾਲ ਚਾਹੀਦਾ ਹੈ ਅਤੇ ਵੜੇਵੇਂ, ਰੂੰ, ਤੇਲ ਦੇ ਭਾਅ ਵੱਧਣ ਕਰਕੇ ਉਹ ਨਰਮਾ 7500 ਤੱਕ ਖਰੀਦ ਰਹੇ ਹਨ ਪਰ ਨਰਮੇ ਦੀ ਲਗਾਤਾਰ ਆਮਦ ਘਟਣ ਕਰਕੇ ਤਿੰਨੇ ਕਪਾਹ ਮਿਲਾਂ ’ਚ ਲੱਗੀ ਕਰੋੜਾਂ ਰੁਪਏ ਦੀ ਮਸ਼ੀਨਰੀ, ਬਿਲ, ਲੇਬਰ, ਖਰਚੇ ਵੀ ਨਿਕਲਣ ਦੀ ਉਮੀਦ ਘੱਟ ਹੈ ਪਰ ਉਹ ਮਿੱਲ ਕਰਕੇ ਨਰਮਾ ਖਰੀਦਣ ਲਈ ਮਜਬੂਰ ਹਨ।