ਕਰਮਵੀਰ ਸੈਣੀ
ਮੂਨਕ, 24 ਅਗਸਤ
ਸਥਾਨਕ ਸ਼ਹਿਰ ਦੇ ਨਜ਼ਦੀਕੀ ਪਿੰਡ ਦੇਹਲਾ ਸ਼ੀਹਾਂ ਦੇ ਗੰਦੇ ਪਾਣੀ ਵਾਲੇ ਛੱਪੜ ਵਿੱਚ ਬੀਤੇ ਕੱਲ੍ਹ ਤੋਂ ਮੱਛੀਆਂ ਮਰਨ ਮਗਰੋਂ ਹਵਾ ਗੰਧਲੀ ਹੋ ਚੁੱਕੀ ਹੈ। ਮ੍ਰਿਤਕ ਮੱਛੀਆਂ ਨੂੰ ਪਾਣੀ ਵਿੱਚੋਂ ਨਾ ਕੱਢੇ ਜਾਣ ਕਾਰਨ ਛੱਪੜ ਕੋਲੋਂ ਲੰਘਦੇ ਰਾਹਗੀਰਾਂ ਅਤੇ ਨਜ਼ਦੀਕ ਰਹਿੰਦੇ ਘਰਾਂ ਦੇ ਪਰਿਵਾਰਾਂ ਦਾ ਜਿਉਣਾ ਬਹੁਤ ਦੁੱਭਰ ਹੋ ਚੁੱਕਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਬਾਰੇ ਜਦੋਂ ਉਨ੍ਹਾਂ ਨੂੰ ਉਦੋਂ ਪਤਾ ਲੱਗਿਆ ਜਦੋਂ ਛੱਪੜ ’ਚੋਂ ਬਦਬੂ ਆਉਣ ਲੱਗੀ। ਇਸ ਦੂਸ਼ਿਤ ਵਾਤਾਵਰਨ ਕਾਰਨ ਸਮੁੱਚੇ ਪਿੰਡ ਵਾਸੀਆਂ ਦਾ ਸਾਹ ਲੈਣਾ ਔਖਾ ਹੋਇਆ ਪਿਆ ਹੈ। ਇੱਕ ਪਾਸੇ ਸਰਕਾਰ ਸਵੱਛ ਭਾਰਤ ਮੁਹਿੰਮ ਤਹਿਤ ਲੋਕਾਂ ਨੂੰ ਆਪਣਾ ਆਲਾ-ਦੁਆਲਾ ਸਾਫ਼ ਸੁਥਰਾ ਰੱਖਣ ਲਈ ਜਾਗਰੂਕ ਅਤੇ ਪ੍ਰੇਰਿਤ ਕੀਤਾ ਜਾ ਰਿਹਾ ਹੈ ਪਰ ਦੂਜੇ ਪਾਸੇ ਪਿੰਡ ਦਾ ਛੱਪੜ ਗੰਦੇ ਪਾਣੀ ਨਾਲ ਨੱਕੋ-ਨੱਕ ਭਰਿਆ ਹੋਇਆ ਹੈ। ਜਿਸ ਕਾਰਨ ਉਸ ਦੇ ਆਲੇ-ਦੁਆਲੇ ਦੇ ਲੋਕ ਬਹੁਤ ਤੰਗ ਅਤੇ ਪ੍ਰੇਸ਼ਾਨ ਹੋ ਰਹੇ ਹਨ।
ਪਿੰਡ ਵਾਸੀਆਂ ਜੁਗਰਾਜ ਸਿੰਘ, ਕੁਲਵੰਤ ਦੇਹਲਾ, ਹਰਦੀਪ ਸਿੰਘ ਸਾਬਕਾ ਸਰਪੰਚ, ਸੱਤੂ ਸਿੰਘ, ਮਹਿੰਦਰ ਸਿੰਘ, ਰਾਜਾ, ਨਿਰਮਲ ਸਿੰਘ, ਜੈਲਾ ਸਿੰਘ, ਕਰਨੈਲ ਸਿੰਘ, ਲਾਲ਼ ਸਿੰਘ ਆਦਿ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਸ ਸਮੱਸਿਆ ਤੋਂ ਨਿਜ਼ਾਤ ਦਿਵਾਉਣ ਦੀ ਮੰਗ ਕੀਤੀ।
ਮੌਕੇ ’ਤੇ ਜ਼ਿਲ੍ਹਾ ਅਫਸਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਬਰਸਾਤਾਂ ਦਾ ਪਾਣੀ ਝੋਨੇ ਦੀ ਲੱਗੀ ਫਸਲ ਵਿੱਚ ਹੋਈ ਸਪਰੇਅ ਦੇ ਛਿੜਕਾਅ ਕਾਰਨ ਜ਼ਹਿਰੀਲਾ ਹੋਣ ਤੋਂ ਬਾਅਦ ਛੱਪੜ ਵਿੱਚ ਜਾਂਦਾ ਰਿਹਾ ਜਿਸ ਕਾਰਨ ਦੂਸ਼ਿਤ ਪਾਣੀ ਕਾਰਨ ਪਾਣੀ ਅੰਦਰ ਆਕਸੀਜ਼ਨ ਦੀ ਕਮੀ ਹੋਣ ਕਾਰਨ ਮੱਛੀਆਂ ਮਰ ਗਈਆਂ ਹਨ ਜਿਸ ਕਾਰਨ ਛੱਪੜ ਵਿੱਚੋਂ ਬਦਬੂ ਆ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਦੋਂ ਤੱਕ ਇਸ ਦੀ ਸ਼ਫਾਈ ਨਹੀਂ ਕਰਵਾ ਦਿੱਤੀ ਜਾਂਦੀ, ਉਦੋਂ ਤੱਕ ਉਹ ਛੱਪੜ ਵਿੱਚ ਆਪਣੀਆਂ ਮੱਝਾਂ ਨੂੰ ਵਾੜਨ ਤੋਂ ਪਰਹੇਜ ਕਰਨ। ਇਸ ਵਾਰ ਛੱਪੜ ਠੇਕੇ ’ਤੇ ਨਾ ਚੜ੍ਹਨ ਕਾਰਨ ਇਸ ਦੀ ਸੰਭਾਲ ਚੰਗੀ ਤਰ੍ਹਾਂ ਨਹੀਂ ਹੋ ਸਕੀ।