ਗੁਰਦੀਪ ਸਿੰਘ ਲਾਲੀ
ਸੰਗਰੂਰ, 10 ਮਈ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੌਕਡਾਊਨ ਦੀਆਂ ਪਾਬੰਦੀਆਂ ਵਿੱਚ ਛੋਟ ਦਿੱਤੇ ਜਾਣ ਮਗਰੋਂ ਅੱਜ ਪਹਿਲੇ ਦਿਨ ਸ਼ਹਿਰ ’ਚ ਸਾਰੇ ਬਾਜ਼ਾਰ ਮੁਕੰਮਲ ਰੂਪ ਵਿੱਚ ਦੁਪਹਿਰ ਦੋ ਵਜੇ ਤੱਕ ਖੁੱਲ੍ਹੇ ਰਹੇ। ਬਾਜ਼ਾਰਾਂ ਵਿੱਚ ਜੁਟੀ ਲੋਕਾਂ ਦੀ ਭੀੜ ਤੋਂ ਸਪੱਸ਼ਟ ਸੀ ਕਿ ਲੋਕਾਂ ਵਿੱਚ ਕਰੋਨਾ ਮਹਾਮਾਰੀ ਦਾ ਕੋਈ ਖੌਫ਼ ਜਾਂ ਡਰ ਨਹੀਂ। ਲੋਕ ਬੱਚਿਆਂ ਸਮੇਤ ਬਾਜ਼ਾਰਾਂ ਵਿੱਚ ਪੁੱਜੇ ਹੋਏ ਸਨ। ਬਾਜ਼ਾਰਾਂ ਵਿਚ ਸ਼ਰ੍ਹੇਆਮ ਲੌਕਡਾਊਨ ਦੀਆਂ ਧੱਜੀਆਂ ਉੱਡਦੀਆਂ ਨਜ਼ਰ ਆਈਆਂ। ਸਮਾਜਿਕ ਦੂਰੀ ਤਾਂ ਕਿਤੇ ਦੂਰ ਦੂਰ ਤੱਕ ਨਜ਼ਰ ਨਹੀਂ ਆ ਰਹੀ ਸੀ। ਭਾਵੇਂ ਚਾਰ-ਪਹੀਆ ਵਾਹਨਾਂ ’ਤੇ ਦੋ ਵਿਅਕਤੀ ਅਤੇ ਦੋਪਹੀਆ ਵਾਹਨਾਂ ਉਪਰ ਇੱਕ ਵਿਅਕਤੀ ਤੋਂ ਵੱਧ ਜਣਿਆਂ ਦੇ ਸਫ਼ਰ ਕਰਨ ’ਤੇ ਪਾਬੰਦੀ ਹੈ ਪਰ ਸ਼ਹਿਰ ਦੇ ਬਾਜ਼ਾਰਾਂ ਵਿੱਚ ਇਨ੍ਹਾਂ ਪਾਬੰਦੀਆਂ ਦੀ ਉਲੰਘਣਾ ਹੋ ਰਹੀ ਸੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪਿਛਲੇ ਵਰ੍ਹੇ ਜਦੋਂ ਕਰੋਨਾ ਮਹਾਮਾਰੀ ਦਾ ਦੌਰ ਸੀ ਉਸ ਸਮੇਂ ਹਾਲਾਤ ਹੁਣ ਵਰਗੇ ਭਿਆਨਕ ਨਹੀਂ ਸੀ ਪਰ ਉਦੋਂ ਲੰਮਾ ਸਮਾਂ ਲੌਕਡਾਊਨ ਰਿਹਾ ਸੀ। ਹੁਣ ਜਦੋਂ ਹਾਲਾਤ ਬੇਹੱਦ ਨਾਜ਼ੁਕ ਬਣਦੇ ਜਾ ਰਹੇ ਹਨ ਤਾਂ ਲੌਕਡਾਊਨ ਦੀਆਂ ਪਾਬੰਦੀਆਂ ਢਿੱਲੀਆਂ ਹੋ ਰਹੀਆਂ ਹਨ। ਜੇਕਰ ਲੋਕਾਂ ਵਲੱੋਂ ਕਰੋਨਾ ਦੀ ਕੋਈ ਪਰਵਾਹ ਨਾ ਕੀਤੀ ਅਤੇ ਲਾਪ੍ਰਵਾਹੀਆਂ ਦਾ ਦੌਰ ਚੱਲਦਾ ਰਿਹਾ ਤਾਂ ਇਸ ਦੇ ਨਤੀਜੇ ਖਤਰਨਾਕ ਹੋ ਸਕਦੇ ਹਨ।
ਪਟਿਆਲਾ (ਰਵੇਲ ਸਿੰਘ ਭਿੰਡਰ): ਅੱਜ ਕਈ ਦਿਨਾਂ ਮਗਰੋਂ ਗੈਰ-ਜ਼ਰੂਰੀ ਵਸਤਾਂ ਵਾਲੀਆਂ ਦੁਕਾਨਾ ਖੁੱਲ੍ਹਣ ’ਤੇ ਵਪਾਰੀ ਵਰਗ ਵਿੱਚ ਖੁਸ਼ੀ ਦਾ ਮਾਹੌਲ ਰਿਹਾ। ਇਸ ਦੇ ਨਾਲ ਹੀ ਵਪਾਰੀਆਂ ਵੱਲੋਂ ਸੰਘਰਸ਼ ਕਰਨ ਦੇ ਉਲੀਕੇ ਜਾ ਰਹੇ ਪ੍ਰੋਗਰਾਮ ਵੀ ਹੁਣ ਰੱਦ ਕਰ ਦਿੱਤੇ ਗਏ ਹਨ। ਲੋਕ ਵੀ ਵਧ ਚੜ੍ਹ ਕੇ ਬਾਜ਼ਾਰਾਂ ਵਿੱਚ ਪੁੱਜੇ ਅਤੇ ਖਰੀਦੋ ਫਰੋਖਤ ਕੀਤੀ। ਯਾਦ ਰਹੇ ਕਿ ਜ਼ਰੂਰੀ ਵਸਤਾਂ ਵਾਲੀਆਂ ਦੁਕਾਨਾਂ ਤਾਂ ਕਈ ਦਿਨਾਂ ਤੋਂ ਖੁੱਲ੍ਹ ਰਹੀਆਂ ਸਨ, ਪਰ ਗੈਰ ਜ਼ਰੂਰੀ ਵਸਤਾਂ ਵਾਲੀਆਂ ਦੁਕਾਨਾਂ ਖੋਲ੍ਹਣ ਦੀ ਆਗਿਆ ਨਹੀਂ ਸੀ। ਅੱਜ ਕਈ ਦੁਕਾਨਦਾਰ ਖੁਦ ਹੀ ਆਪਣੇ ਗਾਹਕਾਂ ਨੂੰ ਫਾਸਲਾ ਰੱਖਣ ਸਮੇਤ ਮਾਸਕ ਪਹਿਨਣ ਲਈ ਵੀ ਪ੍ਰੇਰਿਤ ਕਰਦੇ ਨਜ਼ਰ ਆਏ।
ਧੂਰੀ (ਹਰਦੀਪ ਸਿੰਘ ਸੋਢੀ): ਲੌਕਡਾਊਨ ਉਪਰੰਤ ਅੱਜ ਸਮਾਂਬੱਧ ਸਮੇਂ ਅਨੁਸਾਰ ਬਾਜ਼ਾਰ ਖੁੱਲ੍ਹਦਿਆਂ ਹੀ ਖਰੀਦਦਾਰਾਂ ਦੀਆਂ ਵੱਡੀਆਂ ਭੀੜਾਂ ਲੱਗ ਗਈਆਂ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦੁਕਾਨਾਂ ਖੋਲ੍ਹਣ ਦਾ ਟਾਈਮ ਟੇਬਲ ਜਾਰੀ ਕੀਤਾ ਗਿਆ ਹੈ ਜਿਸਦੇ ਤਹਿਤ ਦੁਕਾਨਦਾਰਾਂ ਨੇ ਅੱਜ ਸਵੇਰੇ ਤੜਕੇ ਦੁਕਾਨਾਂ ਖੋਲ੍ਹ ਲਈਆਂ। ਸ਼ਹਿਰ ਤੋਂ ਇਲਾਵਾ ਆਲੇ ਦੁਆਲੇ ਦੇ ਪਿੰਡਾਂ ਤੋਂ ਲੋਕਾਂ ਨੇ ਸ਼ਹਿਰ ਵੱਲ ਵਹੀਰਾਂ ਘੱਤ ਦਿੱਤੀਆਂ। ਲੋਕਾਂ ਕਾਰਨ ਬਾਜ਼ਾਰਾਂ ਵਿੱਚੋਂ ਲੰਘਣਾ ਮੁਸ਼ਕਲ ਹੋ ਗਿਆ। ਘਰੇਲੂ ਰਾਸ਼ਨ, ਸਬਜ਼ੀਆਂ ਤੇ ਫਲਾਂ ਵਾਲਿਆਂ ਕੋਲ ਜਿੱਥੇ ਭਾਰੀ ਭੀੜ ਦੇਖਣ ਨੂੰ ਮਿਲੀ, ਉੱਥੇ ਬੈਕਾਂ ਦੇ ਅੰਦਰ ਤੇ ਬਾਹਰ ਲੰਬੀਆਂ ਕਤਾਰਾਂ ਲੱਗ ਗਈਆਂ। ਬਹੁਤੇ ਥਾਈਂ ਲੋਕਾਂ ਨੇ ਮਾਸਕ ਵੀ ਨਹੀਂ ਲਾਏ ਹੋਏ ਸਨ।
ਸਮਾਣਾ (ਸੁਭਾਸ਼ ਚੰਦਰ): ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ ਸਮੇਤ ਗੈਰ-ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ ਨੂੰ ਖੋਲ੍ਹਣ ਦੇ ਪਹਿਲੇ ਦਿਨ ਬਾਜ਼ਾਰਾਂ ਵਿੱਚ ਵੱਧ ਭੀੜ ਰਹੀ। ਤਹਿਸੀਲ ਰੋਡ, ਹਲਵਾਈ ਬਾਜ਼ਾਰ, ਗਾਂਧੀ ਗਰਾਊਂਡ ਅਤੇ ਹੋਰਨਾਂ ਕਈ ਬਾਜ਼ਾਰਾਂ ਵਿੱਚ ਪੂਰਾ ਦਿਨ ਜਾਮ ਦੇ ਹਾਲਾਤ ਬਣੇ ਰਹੇ। ਇਸੇ ਤਰ੍ਹਾਂ ਕਰੋਨਾ ਤੋਂ ਬਚਾਅ ਲਈ ਲੋਕਾਂ ਦੇ ਨਾਲ-ਨਾਲ ਪੁਲੀਸ ਅਤੇ ਪ੍ਰਸ਼ਾਸਨ ਦੀ ਵੀ ਮੁਸਤੈਦੀ ਨਾ ਦੇ ਬਰਾਬਰ ਦਿਖਾਈ ਦਿੱਤੀ।