ਰਮੇਸ਼ ਭਾਰਦਵਾਜ
ਲਹਿਰਾਗਾਗਾ, 21 ਮਈ
ਇਥੇ 2015 ’ਚ ਰੇਲਵੇ ਵਿਭਾਗ ਵੱਲੋਂ ਬੱਸ ਅੱਡੇ ਵਾਲੀ ਸਾਈਡ ’ਤੇ ਆਵਾਜਾਈ ਦੇ ਲੰਘਣ ਲਈ ਬਣਾਇਆ ਜ਼ਮੀਨਦੋਜ਼ ਪੁਲ ਰੇਲਵੇ ਲਾਈਨ ਤੋਂ ਕਰੀਬ ਪੰਦਰਾਂ ਫੁੱਟ ਨੀਵਾਂ ਹੈ। ਲੰਘੀ ਰਾਤ ਆਏ ਮੀਂਹ ਕਾਰਨ ਪੁਲ ਵਿੱਚ ਕਈ ਫੁੱਟ ਤੱਕ ਪਾਣੀ ਖੜ੍ਹਨ ਕਰਕੇ ਕਈ ਵਾਹਨ ਫਸ ਗਏ ਸਨ। ਪੇਂਡੂ ਅਤੇ ਸ਼ਹਿਰੀ ਵਿਕਾਸ ਨਿਗਰਾਨ ਸੁਸਾਇਟੀ ਦੇ ਪ੍ਰਧਾਨ ਦੀਪਕ ਜੈਨ ਨੇ ਦੱਸਿਆ ਕਿ ਜ਼ਮੀਨਦੋਜ਼ ਪੁਲ ’ਚ ਪਾਣੀ ਦੀ ਨਿਕਾਸੀ ਦਾ ਯੋਗ ਪ੍ਰਬੰਧ ਨਾ ਹੋਣ ਕਰਕੇ ਹਰੇਕ ਮੀਂਹ ਮਗਰੋਂ ਇੱਥੇ ਪਾਣੀ ਖੜ੍ਹ ਜਾਂਦਾ ਹੈ। ਉਧਰ ਸਫਾਈ ਸੇਵਕਾਂ ਦੀ ਹੜਤਾਲ ਕਰਕੇ ਉਹ ਪਾਣੀ ਨੂੰ ਕੱਢਣ ਲਈ ਤਿਆਰ ਨਹੀਂ। ਨਗਰ ਕੌਂਸਲ ਦੇ ਸੈਨੇਟਰੀ ਇੰਸਪੈਕਟਰ ਜਸਵੀਰ ਸਿੰਘ ਦਾ ਕਹਿਣਾ ਹੈ ਕਿ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਕਰਕੇ ਪੂਰਾ ਮਸਲਾ ਕਾਰਜਸਾਧਕ ਅਫਸਰ ਤੇ ਐੱਸਡੀਐੱਮ ਦੇ ਧਿਆਨ ਵਿੱਚ ਲਿਆ ਕੇ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਕੀਤੇ ਜਾਣਗੇ।