ਪੱਤਰ ਪ੍ਰੇਰਕ
ਲਹਿਰਾਗਾਗਾ, 3 ਨਵੰਬਰ
ਇੱਥੇ ਰਿਲਾਇੰਸ ਦੇ ਪੈਟਰੋਲ ਪੰਪ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਲਹਿਰਾਗਾਗਾ ਦੇ ਕਾਰਜਕਾਰੀ ਪ੍ਰਧਾਨ ਰਾਮ ਸਿੰਘ ਢੀਂਡਸਾ ਦੀ ਅਗਵਾਈ ਹੇਠ ਕਾਲੇ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਪੱਕਾ ਮੋਰਚਾ ਅੱਜ 398ਵੇਂ ਦਿਨ ਵੀ ਜਾਰੀ ਰਿਹਾ। ਉਨ੍ਹਾਂ ਸਰਕਾਰ ਤੋਂ ਮਹਿੰਗਾਈ ਨੂੰ ਠੱਲ੍ਹਣ ਲਈ ਜ਼ਰੂਰੀ ਵਸਤਾਂ ਦੇ ਰੇਟਾਂ ’ਤੇ ਕੰਟਰੋਲ ਆਰਡਰ ਜਾਰੀ ਕਰਨ ਦੀ ਮੰਗ ਕੀਤੀ।
ਇਸ ਦੌਰਾਨ ਕਿਸਾਨ ਆਗੂ ਨੇ ਕਿਹਾ ਕਿ ਕੇਂਦਰ ਵੱਲੋਂ ਲਿਆਂਦੇ ਗਏ ਖੁੱਲ੍ਹੀ ਮੰਡੀ ਦੇ ਪ੍ਰਸਤਾਵ ਨੇ ਆਮ ਕਿਰਤੀ ਲੋਕਾਂ ਦਾ ਦੀਵਾਲੀ ਮੌਕੇ ਦੀਵਾਲਾ ਕੱਢ ਕੇ ਰੱਖ ਦਿੱਤਾ ਹੈ। ਦੀਵਾਲੀ ਮੌਕੇ ਸਬਜ਼ੀਆਂ ਸਬਜ਼ੀਆਂ ਸਣੇ ਸਾਰੀਆਂ ਜ਼ਰੂਰੀ ਵਸਤਾਂ ਦੇ ਰੇਟ ਅਸਮਾਨੀ ਚੜ੍ਹੇ ਹੋਣ ਕਰ ਕੇ ਲੋਕ ਦੀਵਾਲੀ ਮਨਾਉਣ ਤੋਂ ਵੀ ਵਾਂਝੇ ਹਨ। ਇਸ ਮੌਕੇ ਸੂਬਾ ਸਿੰਘ ਸੰਗਤਪੁਰਾ, ਰਾਮ ਸਿੰਘ ਨੰਗਲਾ, ਕੁਲਦੀਪ ਸਿੰਘ ਰਾਮਗੜ੍ਹ ਸੰਧੂਆਂ, ਹਰਜਿੰਦਰ ਸਿੰਘ ਨੰਗਲਾ, ਰਾਜ ਸਿੰਘ ਖੰਡੇਬਾਦ, ਗੁਰਮੇਲ ਸਿੰਘ ਕਾਲਬੰਜਾਰਾ ਆਦਿ ਨੇ ਕਿਹਾ ਕਿ ਦਿਨੋਂ ਦਿਨ ਵੇਲ ਵਾਂਗ ਵਧ ਰਹੀ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ ਅਤੇ ਸਰਕਾਰ ਨੇ ਜ਼ਰੂਰੀ ਵਸਤਾਂ ਨੂੰ ਸਸਤਾ ਕਰਨ ਤੋਂ ਹੱਥ ਪਿੱਛੇ ਖਿੱਚ ਲਏ ਹਨ। ਕੇਂਦਰ ਵੱਲੋਂ ਲਿਆਂਦੇ ਗਏ ਕਾਲੇ ਕਾਨੂੰਨਾਂ ਦੀ ਤਰਜ਼ ਉੱਤੇ ਸਿੱਧਾ ਖੁੱਲ੍ਹੀ ਮੰਡੀ ਨੂੰ ਤਜਵੀਜ਼ ਦਿੱਤੀ ਗਈ ਹੈ। ਇਹ ਸਭ ਸਰਕਾਰ ਨੇ ਅਡਾਨੀਆਂ ਤੇ ਅੰਬਾਨੀਆਂ ਦੇ ਢਿੱਡ ਭਰਨ ਲਈ ਕੀਤਾ ਹੈ। ਇਸ ਨਾਲ ਦੋ ਵਕਤ ਦੀ ਰੋਟੀ ਖਾਣ ਵਾਲਾ ਇਨਸਾਨ ਭੁੱਖਮਰੀ ਦਾ ਸ਼ਿਕਾਰ ਹੋਵੇਗਾ। ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਵਿਚ ਹਰੇਕ ਕਿਰਤੀ ਨੂੰ ਕੁੱਦਣ ਦੀ ਸਖ਼ਤ ਲੋੜ ਹੈ।
ਦਿੱਲੀ ਧਰਨੇ ਵਿੱਚ ਹਾਜ਼ਰੀ ਵਧਾਉਣ ਦਾ ਫ਼ੈਸਲਾ
ਧੂਰੀ (ਨਿੱਜੀ ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਬਲਾਕ ਧੂਰੀ ਦੇ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ, ਬਲਾਕ ਸ਼ੇਰਪੁਰ ਦੇ ਪ੍ਰਧਾਨ ਪ੍ਰੀਤਮ ਸਿੰਘ ਬਾਦਸ਼ਾਹਪੁਰ ਅਤੇ ਜਨਰਲ ਸਕੱਤਰ ਬਲਵਿੰਦਰ ਸਿੰਘ ਜੱਖਲਾਂ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਕਰੀਬ 20 ਪਿੰਡਾਂ ਦੇ ਕਿਸਾਨਾਂ ਨੇ ਜਿੱਥੇ ਦਿੱਲੀ ਵਿੱਚ ਸੰਯੁਕਤ ਮੋਰਚੇ ਦੇ ਧਰਨੇ ਵਿੱਚ ਹਰੇਕ ਵਰਗ ਦੀ ਹਾਜ਼ਰੀ ਵਧਾਉਣ ਦਾ ਫ਼ੈਸਲਾ ਲਿਆ, ਉੱਥੇ ਹੀ ਸਰਕਾਰ ਵੱਲੋਂ ਡੀਜ਼ਲ, ਪੈਟਰੋਲ ਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਨਿੱਤ ਕੀਤੇ ਜਾਂਦੇ ਵਾਧੇ ਦੀ ਨਿੰਦਾ ਕੀਤੀ। ਬੁਲਾਰਿਆਂ ਨੇ ਸੰਬੋਧਨ ਕਰਦਿਆਂ ਪ੍ਰਦੂਸ਼ਣ ਰਹਿਤ ਅਤੇ ਸਾਦਗੀ ਨਾਲ ਦੀਵਾਲੀ ਮਨਾਉਣ ਦੀ ਅਪੀਲ ਕਰਦਿਆਂ ਕਣਕ ਦੀ ਬਿਜਾਈ ਸਬੰਧੀ ਡੀਏਪੀ ਅਤੇ ਯੂਰੀਆ ਖਾਦ ਦੀ ਕਿੱਲਤ ਪੂਰੀ ਕਰਨ ਦੀ ਮੰਗ ਵੀ ਕੀਤੀ। ਇਸ ਦੌਰਾਨ ਦਿੱਲੀ ਮੋਰਚੇ ਵਿੱਚ ਟੈਂਕਰ ਨਾਲ ਮਾਨਸਾ ਜ਼ਿਲ੍ਹੇ ਨਾਲ ਸਬੰਧਤ ਸ਼ਹੀਦ ਹੋਈਆਂ ਬੀਬੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਗੁਰਬਚਨ ਸਿੰਘ ਹਰਚਦੰਪੁਰ, ਸੁਰਜੀਤ ਸਿੰਘ ਘਨੌਰੀ, ਜਸਦੇਵ ਸਿੰਘ ਭੁੱਲਰਹੇੜੀ ਤੇ ਰਾਜਿੰਦਰ ਸਿੰਘ ਮੂਲੋਵਾਲ ਆਦਿ ਵੀ ਹਾਜ਼ਰ ਸਨ।