ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 26 ਸਤੰਬਰ
ਇੱਥੇ ਬਲਾਕ ਪੰਚਾਇਤ ਯੂਨੀਅਨ ਦੀ ਮੀਟਿੰਗ ਦੌਰਾਨ ਪੰਚਾਇਤਾਂ ਨਾਲ ਹੋ ਰਹੀਆਂ ਧੱਕੇਸ਼ਾਹੀਆਂ ਅਤੇ ਝੂਠੇ ਪਰਚੇ ਦਰਜ ਕਰਨ ਬਾਰੇ ਵਿਚਾਰਾਂ ਕੀਤੀਆਂ ਗਈਆਂ। ਬੁਲਾਰਿਆਂ ਦੱਸਿਆ ਕਿ ਯੂਨੀਅਨ ਵੱਲੋਂ 27 ਸਤੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਰਿਹਾਇਸ਼ ਅੱਗੇ ਰੱਖੇ ਸੂਬਾ ਪੱਧਰੀ ਧਰਨਾ ਦਿੱਤਾ ਜਾਵੇਗਾ ਜਿਸ ਵਿੱਚ ਬਲਾਕ ਵਿੱਚੋਂ ਵੱਡੀ ਗਿਣਤੀ ਪੰਚ, ਸਰਪੰਚ ਅਤੇ ਹੋਰ ਲੋਕ ਸ਼ਾਮਲ ਹੋਣਗੇ।
ਬੁਲਾਰਿਆਂ ਦੱਸਿਆ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਪੰਚਾਇਤਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਅਤੇ ਸਰਪੰਚਾਂ-ਪੰਚਾਂ ਨੂੰ ਬਣਦਾ ਮਾਣ-ਸਨਮਾਨ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਸਾਰੀਆਂ ਪੰਚਾਇਤਾਂ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ’ਤੇ ਸਰਪੰਚਾਂ ਦਾ ਮਾਣ ਭੱਤਾ 25,000 ਰੁਪਏ ਅਤੇ ਪੰਚਾਂ ਦਾ ਮਾਣ ਭੱਤਾ 10 ਹਜ਼ਾਰ ਕੀਤਾ ਜਾਵੇਗਾ ਪਰ ਸਰਕਾਰ ਬਣਨ ਤੋਂ ਬਾਅਦ ਅਜੇ ਤੱਕ 1200 ਰੁਪਏ ਮਹੀਨਾ ਬਣਦਾ ਮਾਣ ਭੱਤਾ ਵੀ ਨਹੀਂ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ‘ਆਪ’ ਸਰਕਾਰ ਦੀ ਵਾਅਦਾਖ਼ਿਲਾਫ਼ੀ ਕਾਰਨ ਪੰਚਾਇਤਾਂ ਵਿੱਚ ਰੋਸ ਹੈ।
ਇਸ ਮੌਕੇ ਬਲਾਕ ਸਮਿਤੀ ਦੇ ਚੇਅਰਮੈਨ ਵਰਿੰਦਰ ਪੰਨਵਾਂ, ਪੰਚਾਇਤ ਯੂਨੀਅਨ ਦੇ ਸਾਬਕਾ ਪ੍ਰਧਾਨ ਜਗਤਾਰ ਸਿੰਘ ਮੱਟਰਾਂ, ਭਗਵੰਤ ਸਿੰਘ ਥੰਮਣ ਸਿੰਘ ਵਾਲਾ, ਸਰਪੰਚ ਗੁਰਜੀਵਨ ਸਿੰਘ, ਤੇਜਿੰਦਰ ਸਿੰਘ ਢੀਂਡਸਾ ਚੰਨੋਂ, ਲਖਵੀਰ ਸਿੰਘ ਲੱਖੇਵਾਲ, ਰਾਮ ਸਿੰਘ ਭਰਾਜ, ਸਾਹਿਬ ਸਿੰਘ ਭੜੋ, ਸਿਮਰਨਜੀਤ ਸਿੰਘ ਫੰਮਣਵਾਲ, ਗੁਰਦੇਵ ਸਿੰਘ ਬਾਲਦ ਕਲਾਂ ਅਤੇ ਜੱਜ ਬਾਲਦੀਆ ਸਮੇਤ ਕਈ ਪਿੰਡਾਂ ਦੇ ਸਰਪੰਚ ਅਤੇ ਮੈਂਬਰ ਵੀ ਹਾਜ਼ਰ ਸਨ।