ਗੁਰਦੀਪ ਸਿੰਘ ਲਾਲੀ
ਸੰਗਰੂਰ, 5 ਅਗਸਤ
ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਨੂੰ ਗੁਰੂ ਨਾਨਕ ਸਰਾਏ ਦੀ ਇਮਾਰਤ ਵਿੱਚੋਂ ਤਬਦੀਲ ਕਰਨ ਅਤੇ ਯਾਤਰੀਆਂ ਲਈ ਗੁਰੂ ਨਾਨਕ ਸਰਾਏ ਦੀ ਇਮਾਰਤ ਨੂੰ ਖਾਲੀ ਕਰਨ ਦੀ ਮੰਗ ਲਈ ਵੱਖ-ਵੱਖ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਕੇਂਦਰ ਅੱਗੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਪੰਜ ਘੰਟੇ ਰੋਸ ਧਰਨਾ ਦਿੱਤਾ ਗਿਆ।
ਧਰਨਾਕਰੀਆਂ ਨੇ ਐਲਾਨ ਕੀਤਾ ਕਿ ਜੇਕਰ 14 ਅਗਸਤ ਤੱਕ ਗੁਰੂ ਨਾਨਕ ਸਰਾਏ ਨੂੰ ਯਾਤਰੀਆਂ ਲਈ ਖਾਲੀ ਨਾ ਕੀਤਾ ਗਿਆ ਤਾਂ 15 ਅਗਸਤ ਨੂੰ ਗੁਰੂ ਨਾਨਕ ਸਰਾਏ ਦਾ ਬੋਰਡ ਲਗਾ ਕੇ ਤਿਰੰਗ ਝੰਡਾ ਲਹਿਰਾਇਆ ਜਾਵੇਗਾ। ਅੱਜ ਸਵੇਰੇ ਇੱਥੇ ਮਹਾਂਵੀਰ ਚੌਕ ਵਿੱਚ ਨਸ਼ਾ ਛੁਡਾਊ ਕੇਂਦਰ ਅੱਗੇ ਰੋਸ ਧਰਨਾ ਦਿੱਤਾ ਗਿਆ ਜੋ ਕਰੀਬ ਪੰਜ ਘੰਟੇ ਜਾਰੀ ਰਿਹਾ। ਇਸ ਮੌਕੇ ਲੋਕ ਭਲਾਈ ਸੰਘਰਸ਼ ਕਮੇਟੀ ਦੇ ਪ੍ਰਧਾਨ ਗੁਰਨਾਮ ਸਿੰਘ ਭਿੰਡਰ, ਸਾਂਝੇ ਮੋਰਚੇ ’ਚ ਆਗੂਆਂ ’ਚ ਬਲਜੀਤ ਸਿੰਘ ਢੀਂਡਸਾ, ਰਣਬੀਰ ਸਿੰਘ ਢੀਂਡਸਾ, ਬਲਵੰਤ ਸਿੰਘ ਜੋਗਾ, ਜਗਦੇਵ ਸਿੰਘ ਸੁਨਾਮ ਅਤੇ ਅਵਤਾਰ ਸਿੰਘ ਤਾਰਾ ਨੇ ਦੱਸਿਆ ਕਿ ਗੁਰੂ ਨਾਨਕ ਸਰਾਏ ਦੀ ਇਮਾਰਤ ਨੂੰ ਖਾਲੀ ਕਰਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ 11 ਦਸੰਬਰ 2020 ਨੂੰ ਦਿੱਤਾ ਗਿਆ ਸੀ ਪਰ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਸਰਾਏ ਯਾਤਰੀਆਂ ਦੇ ਠਹਿਰਨ ਲਈ ਬਣਾਈ ਗਈ ਸੀ ਪਰ ਸਿਵਲ ਹਸਪਤਾਲ, ਰੇਲਵੇ ਸਟੇਸ਼ਨ ਆਦਿ ਵੱਖ-ਵੱਖ ਕਾਰਜਾਂ ਲਈ ਆਉਂਦੇ ਯਾਤਰੀਆਂ ਨੂੰ ਮਹਿੰਗੇ ਹੋਟਲਾਂ ਵਿੱਚ ਠਹਿਰਨ ਲਈ ਮਜਬੂਰ ਹੋਣਾ ਪੈਂਦਾ ਹੈ।
ਉਨ੍ਹਾਂ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ 14 ਅਗਸਤ ਤੱਕ ਗੁਰੂ ਨਾਨਕ ਸਰਾਏ ਦੀ ਇਮਾਰਤ ਨੂੰ ਖਾਲੀ ਨਾ ਕਰਵਾਇਆ ਗਿਆ ਤਾਂ 15 ਅਗਸਤ ਨੂੰ ਗੁਰੂ ਨਾਨਕ ਸਰਾਏ ਦਾ ਬੋਰਡ ਲਗਾ ਕੇ ਤਿਰੰਗਾ ਝੰਡਾ ਲਹਿਰਾਇਆ ਜਾਵੇਗਾ। ਇਸ ਮੌਕੇ ਗੁਰਜੰਟ ਸਿੰਘ ਭਿੰਡਰ, ਮੱਘਰ ਸਿੰਘ ਕੁਲਾਰ, ਗੁਰਇੰਦਰਪਾਲ ਸਿੰਘ, ਦਰਸ਼ਨ ਸਿੰਘ ਖਾਲਸਾ, ਸੰਦੀਪ ਸਿੰਘ, ਸੁਖਦੇਵ ਸਿੰਘ ਸੁਨਾਮ, ਮੱਖਣ ਸਿੰਘ ਘਾਬਦਾਂ, ਲਾਭ ਸਿੰਘ ਗੁੱਜਰਾਂ, ਪ੍ਰਕਾਸ਼ ਚੰਦ ਅਤੇ ਹਰਜੀਤ ਸਿੰਘ ਸਿੱਧੂ ਆਦਿ ਸ਼ਾਮਲ ਸਨ।