ਹਰਦੀਪ ਸਿੰਘ ਸੋਢੀ
ਧੂਰੀ, 26 ਅਗਸਤ
ਇਥੇ ਸੀਵਰੇਜ ਦੇ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਾਰਨ ਨਵੀਆਂ ਸੜਕਾਂ ਦਾ ਨੁਕਸਾਨ ਹੋ ਰਿਹਾ ਹੈ। ਸਥਾਨਕ ਦੋਹਲਾ ਪਿੰਡ ਨੂੰ ਜਾਂਦੀ ਸੜਕ ਕੁਝ ਮਹੀਨੇ ਪਹਿਲਾਂ ਹੀ ਬਣੀ ਸੀ ਜਿੱਥੇ ਗੋਲ ਪਾਰਕ ਕੋਲ ਸੀਵਰੇਜ ਦੇ ਪਾਈਪ ਵਿੱਚੋਂ ਨਿਕਲਦੇ ਗੰਦੇ ਪਾਣੀ ਨੇ ਸੜਕ ਉੱਪਰ ਡੂੰਘਾ ਟੋਆ ਪਾ ਦਿੱਤਾ ਹੈ। ਇਹ ਟੋਆ ਮੀਂਹ ਦੇ ਪਾਣੀ ਕਾਰਨ ਹੋਰ ਵੱਡਾ ਹੋ ਗਿਆ ਹੈ ਜਿੱਥੇ ਕਿਸੇ ਸਮੇਂ ਵੱਡਾ ਹਾਦਸਾ ਵਾਪਰ ਸਕਦਾ ਹੈ। ਸ਼ਹਿਰ ਦੇ ਲੋਕਾਂ ਵਿੱਚ ਇਸ ਗੱਲ ਦਾ ਰੋਸ ਹੈ ਕਿ ਸਰਕਾਰ ਦੇ ਪੈਸਿਆਂ ਦੇ ਕੀਤੇ ਜਾ ਰਹੇ ਨੁਕਸਾਨ ਲਈ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ। ਇਸ ਸੜਕ ਉੱਪਰ ਹੋਰ ਕਈ ਥਾਵਾਂ ’ਤੇ ਟੋਏ ਸੜਕ ਦੀ ਉਸਾਰੀ ਉੱਪਰ ਸੁਆਲ ਖੜ੍ਹੇ ਕਰਦੇ ਹਨ। ਇਸ ਸਬੰਧੀ ਸੀਵਰੇਜ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ। ਸ਼ਹਿਰ ਦੇ ਲੋਕਾਂ ਵੱਲੋਂ ਡਿਪਟੀ ਕਮਿਸ਼ਨਰ ਸੰਗਰੂਰ ਤੇ ਧੂਰੀ ਦੇ ਵਿਧਾਇਕ ਦਲਵੀਰ ਸਿੰਘ ਗੋਲਡੀ ਤੋਂ ਮੰਗ ਕੀਤੀ ਗਈ ਹੈ ਕਿ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ।