ਖੇਤਰੀ ਪ੍ਰਤੀਨਿਧ/ਨਿਜੀ ਪੱਤਰ ਪ੍ਰੇਰਕ
ਪਟਿਆਲਾ/ਸੰਗਰੂਰ, 11 ਸਤੰਬਰ
ਇਥੇ ਪਟਿਆਲਾ ਅਤੇ ਸੰਗਰੂਰ ਜ਼ਿਲ੍ਹਿਆਂ ਵਿੱਚ ਲੱਗੀਆਂ ਲੋਕ ਅਦਾਲਤਾਂ ਵਿੱਚ 5044 ਕੇਸਾਂ ਦਾ ਨਬਿੇੜਾ ਕੀਤਾ ਗਿਆ। ਪਟਿਆਲਾ ਵਿੱਚ ਲੱਗੀ ਕੌਮੀ ਲੋਕ ਅਦਾਲਤ ਵਿਚ 6600 ਕੇਸ ਸੁਣਵਾਈ ਲਈ ਆਏ ਸਨ। ਇਨ੍ਹਾਂ ਵਿਚੋਂ 4000 ਕੇਸਾਂ ਦਾ ਮੌਕੇ ’ਤੇ ਨਬਿੇੜਾ ਕੀਤਾ ਗਿਆ। ਦੂਜੇ ਪਾਸੇ ਸੰਗਰੂਰ ਵਿੱਚ 2684 ਕੇਸ ਸੁਣਵਾਈ ਲਈ ਆਏ ਸਨ ਜਿਨ੍ਹਾਂ ਵਿਚੋਂ 1044 ਦਾ ਮੌਕੇ ’ਤੇ ਨਬਿੇੜਾ ਕੀਤਾ ਗਿਆ।
ਪਟਿਆਲਾ ਦੇ ਜ਼ਿਲ੍ਹਾ ਸੈਸ਼ਨ ਜੱਜ ਰਾਜਿੰਦਰ ਅਗਰਵਾਲ ਨੇ ਦੱਸਿਆ ਕਿ ਇਸ ਕੌਮੀ ਲੋਕ ਅਦਾਲਤ ਦੌਰਾਨ ਜ਼ਿਲੇ’ਚ 24 ਬੈਂਚਾਂ ਨੇ ਲੋਕਾਂ ਦੇ ਕੇਸਾਂ ਦੀ ਸੁਣਵਾਈ ਕੀਤੀ। ਇਸ ਦੌਰਾਨ ਸੁਪਰੀਮ ਕੋਰਟ ਦੇ ਜਸਟਿਸ ਅਤੇ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਜਸਟਿਸ ਯੂ.ਯੂ. ਲਲਿਤ ਨੇ ਕੌਮੀ ਲੋਕ ਅਦਾਲਤ ਦਾ ਆਨਲਾਈਨ ਜਾਇਜ਼ਾ ਲਿਆ ਤੇ ਇੱਕ ਫ਼ੌਜਦਾਰੀ ਝਗੜੇ ’ਚ ਆਪਸੀ ਰਜ਼ਾਮੰਦੀ ਨਾਲ ਸਮਝੌਤਾ ਕਰਵਾ ਕੇ ਮਾਮਲਾ ਨਿਪਟਾਏ ਜਾਣ ਦੀ ਭਰਵੀਂ ਸ਼ਲਾਘਾ ਕੀਤੀ। ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਸੀਜੇਐਮ ਪਰਮਿੰਦਰ ਕੌਰ ਸਮੇਤ ਹੋਰ ਵੀ ਇਸ ਕੌਮੀ ਲੋਕ ਅਦਾਲਤ ’ਚ ਸ਼ਾਮਲ ਰਹੇ।
ਉਧਰ ਸੰਗਰੂਰ ਵਿੱਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਚੇਅਰਮੈਨ ਹਰਪਾਲ ਸਿੰਘ-ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਨਿਗਰਾਨੀ ਹੇਠ ਜ਼ਿਲ੍ਹਾ ਹੈਡਕੁਆਟਰ ਅਤੇ ਸਬ ਡਿਵੀਜ਼ਨ ਮਲੇਰਕੋਟਲਾ, ਸੁਨਾਮ, ਧੂਰੀ ਅਤੇ ਮੂਨਕ ਦੀਆਂ ਅਦਾਲਤਾਂ ਵਿਚ ਕੌਮੀ ਲੋਕ ਅਦਾਲਤ ਲਗਾਈ ਗਈ। ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ-ਕਮ-ਸਿਵਲ ਜੱਜ ਸੀਨੀਅਰ ਡਿਵੀਜ਼ਨ/ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਦੀਪਤੀ ਗੋਇਲ ਨੇ ਦੱਸਿਆ ਕਿ ਜ਼ਿਲ੍ਹਾ ਹੈਡਕੁਆਟਰ ਦੀਆਂ ਅਦਾਲਤਾਂ ਅਤੇ ਸਬ ਡਿਵੀਜ਼ਨਾਂ ਦੀਆਂ ਅਦਾਲਤਾਂ ਵਿਚ ਕੌਮੀ ਲੋਕ ਅਦਾਲਤ ਦੇ ਕੁੱਲ 15 ਬੈਂਚਾਂ ਦਾ ਗਠਨ ਕੀਤਾ ਗਿਆ ਸੀ ਅਤੇ ਹਰੇਕ ਬੈਂਚ ਨਾਲ ਦੋ-ਦੋ ਮੈਂਬਰਾਂ ਦੀ ਡਿਊਟੀ ਲਗਾਈ ਗਈ। ਇਨ੍ਹਾਂ ਲੋਕ ਅਦਾਲਤਾਂ ਵਿਚ ਕੁੱਲ 2684 ਕੇਸ ਸੁਣਵਾਈ ਲਈ ਲਗਾਏ ਗਏ, ਜਿਨ੍ਹਾਂ ਵਿਚੋਂ 1044 ਕੇਸਾਂ ਦਾ ਆਪਸੀ ਰਾਜ਼ੀਨਾਮੇ ਤਹਿਤ ਨਿਪਟਾਰਾ ਕੀਤਾ ਗਿਆ ਅਤੇ 13,71,98,360/-ਰੁਪਏ ਦੇ ਐਵਾਰਡ ਪਾਸ ਕੀਤੇ ਗਏ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਹੈਡਕੁਆਟਰ ਦੀਆਂ ਅਦਾਲਤਾਂ ਦੌਰਾਨ ਸ਼ਾਮ ਲਾਲ, ਮਿਸ ਗਰੀਸ਼, ਮਿਸ ਪੂਨਮ ਬਾਂਸਲ ਅਤੇ ਗੁਰਪ੍ਰਤਾਪ ਸਿੰਘ, ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸੰਗਰੂਰ ਹਰਵਿੰਦਰ ਸਿੰਘ ਸਿੰਧੀਆਂ, ਸੀਜੇਐਮ ਸੰਗਰੂਰ ਅਮਰੀਸ਼ ਜੈਨ, ਵਧੀਕ ਸਿਵਲ ਜੱਜ (ਸੀਨੀਅਰ ਡੀਵੀਜ਼ਨ)ਕਰੁਨ ਗਰਗ ਅਤੇ ਮਿਸ ਹਰਕਮਲ ਕੌਰ, ਸਿਵਲ ਜੱਜ (ਜੂਨੀਅਰ ਡੀਵੀਜ਼ਨ), ਸੰਗਰੂਰ ਨੇ ਬੈਂਚਾਂ ਦੀ ਪ੍ਰਧਾਨਗੀ ਕੀਤੀ। ਇਸ ਤੋਂ ਇਲਾਵਾ ਸੁਖਦੇਵ ਸਿੰਘ ਚੇਅਰਮੈਨ ਨੇ ਪਰਮਾਨੈਂਟ ਲੋਕ ਅਦਾਲਤ (ਪੀ.ਯੂ.ਐੱਸ.) ਦੀ ਪ੍ਰਧਾਨਗੀ ਕੀਤੀ।